ਸ਼ਾਹੀ ਸ਼ਹਿਰ ''ਚ ਡਿਫਾਲਟਰਾਂ ਨੇ ਦੱਬੇ ਪਾਣੀ ਤੇ ਸੀਵਰੇਜ ਦੇ 8 ਕਰੋੜ

12/12/2017 6:27:10 AM

ਪਟਿਆਲਾ, (ਜੋਸਨ)- ਸ਼ਾਹੀ ਸ਼ਹਿਰ ਪਟਿਆਲਾ 'ਚ ਨਗਰ ਨਿਗਮ ਦੇ 8 ਕਰੋੜ ਰੁਪਏ ਪਾਣੀ ਅਤੇ ਸੀਵਰੇਜ ਬਿੱਲਾਂ ਦੇ ਹੀ ਡਿਫਾਲਟਰਾਂ ਵੱਲੋਂ ਦੱਬੇ ਪਏ ਹਨ। ਨਿਗਮ ਦੀ ਪਰਪੋਜ਼ਲ 'ਤੇ ਹੁਣ ਪੰਜਾਬ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ 10 ਫੀਸਦੀ ਰਿਬੇਟ ਦੇ ਕੇ ਪੈਸੇ ਭਰਨ ਦੇ ਹੁਕਮ ਦਿੱਤੇ ਹਨ। ਉਧਰੋਂ ਨਗਰ ਨਿਗਮ ਲੋਕਾਂ ਤੋਂ ਇਹ ਪੈਸੇ ਭਰਵਾਉਣ ਲਈ ਤਿਆਰ ਹੈ। ਜਿਹੜੇ ਲੋਕ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਨਹੀਂ ਉਠਾਉਣਗੇ, ਉਨ੍ਹਾਂ ਦੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨਾਂ ਨੂੰ ਕੱਟ ਦਿੱਤਾ ਜਾਵੇਗਾ।
ਨਗਰ ਨਿਗਮ ਦੇ ਸ਼ਹਿਰ ਪਟਿਆਲਾ 'ਚ 66632 ਕੁਨੈਕਸ਼ਨ ਹਨ। 
50 ਫੀਸਦੀ ਤੋਂ ਵੱਧ ਲੋਕ ਆਪਣਾ ਪਾਣੀ ਤੇ ਸੀਵਰੇਜ ਦਾ ਬਿੱਲ ਸਹੀ ਸਮੇਂ 'ਤੇ ਭਰਦੇ ਹਨ ਪਰ ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਪਾਣੀ ਤੇ ਸੀਵਰੇਜ ਦੇ ਬਿੱਲ ਨਹੀਂ ਭਰਦੇ। ਇਸ ਕਾਰਨ ਨਗਰ ਨਿਗਮ ਹੁਣ ਇਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਕਰਨ ਦਾ ਮਨ ਬਣਾਈ ਬੈਠਾ ਹੈ।
ਨਗਰ ਨਿਗਮ ਦੇ ਅੰਕੜੇ ਦਸਦੇ ਹਨ ਕਿ ਤਕਰੀਬਨ 8 ਕਰੋੜ ਰੁਪਏ ਡਿਫਾਲਟਰਾਂ ਵੱਲ ਪੈਂਡਿੰਗ ਚੱਲ ਰਹੇ ਹਨ। ਇਨ੍ਹਾਂ ਵਿਚ ਸਰਕਾਰੀ ਕੋਠੀਆਂ, ਕਵਾਰਟਰਾਂ ਅਤੇ ਵਿਭਾਗਾਂ ਵੱਲ ਹੀ 60 ਲੱਖ ਦੇ ਕਰੀਬ ਪੈਂਡਿੰਗ ਹਨ। ਇਸ ਤੋਂ ਬਿਨਾਂ ਬਡੂੰਗਰ ਇਲਾਕੇ ਵਿਚ 1 ਕਰੋੜ ਰੁਪਏ ਤੋਂ ਵੱਧ ਬਿੱਲ ਪੈਂਡਿੰਗ ਚੱਲ ਰਹੇ ਹਨ। 50 ਲੱਖ ਰੁਪਏ ਦੇ ਕਰੀਬ ਪੁਰਾਣੀਆਂ ਪ੍ਰਾਪਰਟੀਆਂ ਵੱਲ ਪੈਂਡਿੰਗ ਹਨ। ਇਸ ਤੋਂ ਬਿਨਾਂ ਸਾਢੇ 5 ਕਰੋੜ ਰੁਪਏ ਦੇ ਕਰੀਬ ਪਟਿਆਲਾ ਦੇ ਵੱਖ-ਵੱਖ 60 ਵਾਰਡਾਂ ਵਿਚ ਪੈਂਡਿੰਗ ਹਨ, ਜਿਹੜੇ ਕਿ ਲੋਕਾਂ ਵੱਲੋਂ ਭਰੇ ਨਹੀਂ ਗਏ। ਨਿਗਮ ਨੇ ਇਨ੍ਹਾਂ ਸਮੁੱਚੇ ਡਿਫਾਲਟਰਾਂ ਦਾ ਇਕ ਡਾਟਾ ਤਿਆਰ ਕਰ ਲਿਆ ਹੈ। ਜਿਹੜੇ ਲੋਕ ਸਰਕਾਰੀ ਸਕੀਮ ਦਾ ਫਾਇਦਾ ਨਹੀਂ ਉਠਾਉਣਗੇ, ਉਨ੍ਹਾਂ ਖਿਲਾਫ਼ ਨਗਰ ਨਿਗਮ ਸਖ਼ਤ ਕਾਰਵਾਈ ਕਰੇਗਾ।
ਲੋਕ ਪੰਜਾਬ ਸਰਕਾਰ ਦੀ ਸਕੀਮ ਦਾ ਫਾਇਦਾ ਉਠਾਉਣ : ਸੁਨੀਲ ਮਹਿਤਾ
ਨਗਰ ਨਿਗਮ ਦੀ ਸੀਵਰੇਜ ਅਤੇ ਪਾਣੀ ਸ਼ਾਖਾ ਦੇ ਇੰਚਾਰਜ ਸੁਪਰਡੈਂਟ ਸੁਨੀਲ ਮਹਿਤਾ ਨਾਲ ਜਦੋਂ ਰਾਬਤਾ ਬਣਾਇਆ ਤਾਂ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਡਿਫਾਲਟਰਾਂ ਲਈ ਵਿਸ਼ੇਸ਼ ਸਕੀਮ ਦਿੱਤੀ ਹੈ। ਇਸ ਤਹਿਤ ਹੁਣ ਪੈਂਡਿੰਗ ਪੈਸੇ 'ਤੇ ਕੋਈ ਵੀ ਵਿਆਜ ਨਹੀਂ ਲੱਗੇਗਾ ਅਤੇ ਮੂਲ ਰਕਮ 'ਤੇ ਵੀ 10 ਫੀਸਦੀ ਰਿਬੇਟ ਮਿਲੇਗੀ। ਉਨ੍ਹਾਂ ਲੋਕਾਂ ਨੂੰ ਆਖਿਆ ਕਿ ਉਹ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਲਾਭ ਉਠਾਉਣ। ਇਹ ਸਕੀਮ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਹੁਕਮਾਂ 'ਤੇ ਨਗਰ ਨਿਗਮ ਵਿਖੇ ਲਾਗੂ ਕਰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਜਿਹੜੇ ਲੋਕ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਨਹੀਂ ਲੈਣਗੇ, ਉਨ੍ਹਾਂ ਖਿਲਾਫ਼ ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਹੀ ਕਾਰਵਾਈ ਕੀਤੀ ਜਾਵੇਗੀ।
ਸਾਲ 'ਚ 15 ਕਰੋੜ ਰੁਪਏ ਦਾ ਹੈ ਸੀਵਰੇਜ ਤੇ ਪਾਣੀ ਬ੍ਰਾਂਚ ਦਾ ਬਜਟ
ਨਗਰ ਨਿਗਮ ਪਟਿਆਲਾ ਦੇ ਬਜਟ ਅਨੁਸਾਰ ਸੀਵਰੇਜ ਤੇ ਪਾਣੀ ਬ੍ਰਾਂਚ ਦਾ ਸਾਲਾਨਾ ਬਜਟ 15 ਕਰੋੜ ਰੁਪਏ ਦਾ ਹੈ। ਇਕ ਸਾਲ ਵਿਚ ਇਸ ਬ੍ਰਾਂਚ ਨੂੰ 15 ਕਰੋੜ ਰੁਪਏ ਲੋਕਾਂ ਤੋਂ ਇਕੱਠੇ ਕਰਨੇ ਹੁੰਦੇ ਹਨ। ਹਾਲੇ ਤੱਕ 9 ਮਹੀਨਿਆਂ ਵਿਚ ਇਹ ਬ੍ਰਾਂਚ 7.81 ਕਰੋੜ ਰੁਪਏ ਹੀ ਇਕੱਠੇ ਕਰ ਸਕੀ ਹੈ। ਹੁਣ ਬਾਕੀ ਪੈਸਿਆਂ ਲਈ ਸਖ਼ਤੀ ਦੇ ਮੂਡ ਵਿਚ ਹੈ।


Related News