ਪਹਾੜੀ ਖੇਤਰਾਂ ''ਚ ਬਰਫਬਾਰੀ ਨਾਲ ''ਠਰਨ'' ਲੱਗੇ ਮੈਦਾਨੀ ਇਲਾਕੇ

12/13/2017 3:19:30 AM

ਅੰਮ੍ਰਿਤਸਰ,  (ਸਰਬਜੀਤ)-  ਪਹਾੜੀ ਖੇਤਰਾਂ 'ਚ ਤਾਜ਼ਾ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ ਵਿਚ ਠੰਡ ਵੱਧ ਗਈ ਹੈ ਅਤੇ ਸ਼ਹਿਰ ਵਿਚ ਵੀ ਤਾਪਮਾਨ ਘੱਟ ਹੋਣ ਨਾਲ ਠੰਡ ਦਾ ਜ਼ੋਰ ਵੱਧ ਗਿਆ ਹੈ, ਉਥੇ ਹੀ ਸ਼ਹਿਰ 'ਚ ਗਰਮ ਕੱਪੜਿਆਂ ਦੀ ਖਰੀਦਦਾਰੀ ਤੇਜ਼ੀ ਨਾਲ ਵੱਧ ਰਹੀ ਹੈ। ਬੀਤੇ 2-3 ਦਿਨਾਂ ਤੋਂ ਸ਼ਹਿਰ ਵਿਚ ਬੂੰਦਾਬਾਂਦੀ, ਹਲਕੇ ਮੀਂਹ ਆਦਿ ਨਾਲ ਠੰਡ ਦਾ ਜ਼ੋਰ ਵੱਧ ਗਿਆ ਹੈ ਅਤੇ ਵੱਧਦੀ ਠੰਡ ਨਾਲ ਸਕੂਲਾਂ ਵਿਚ ਜਾਣ ਵਾਲੇ ਛੋਟੇ-ਛੋਟੇ ਬੱਚੇ ਗਰਮ ਕੱਪੜਿਆਂ ਵਿਚ ਵੀ ਕੰਬਦੇ ਨਜ਼ਰ ਆਉਂਦੇ ਹਨ, ਨਾਲ ਹੀ ਅਨੇਕਾਂ ਥਾਵਾਂ 'ਤੇ ਲੋਕ ਲੱਕੜੀਆਂ ਬਾਲ ਕੇ ਠੰਡ ਤੋਂ ਬਚਾਅ ਕਰਦੇ ਨਜ਼ਰ ਆ ਰਹੇ ਹਨ। ਬੀਤੇ 2 ਦਿਨਾਂ ਤੋਂ ਰਾਜ ਅਤੇ ਉੱਤਰੀ ਰਾਜਾਂ ਵਿਚ ਕਾਲੇ ਬੱਦਲਾਂ ਦੀ ਗਹਿਰ ਨਜ਼ਰ ਆ ਰਹੀ ਹੈ। ਕਈ ਵਾਰ ਤਾਂ ਲੋਕ ਦਿਨ ਵਿਚ ਹੀ ਵਾਹਨਾਂ ਦੀਆਂ ਹੈੱਡ ਲਾਈਟਾਂ ਜਗਾ ਕੇ ਦੇਖੇ ਗਏ। ਪੁਲਸ ਮੁਲਾਜ਼ਮ ਵੀ ਗਰਮ ਕੱਪੜਿਆਂ 'ਚ ਤਾਇਨਾਤ ਡਿਊਟੀ ਕਰ ਰਹੇ ਹਨ। ਇੰਨਾ ਹੀ ਨਹੀਂ, ਚਾਹ ਦੀਆਂ ਦੁਕਾਨਾਂ 'ਤੇ ਲੋਕ ਗਰਮ-ਗਰਮ ਚਾਹ ਦੀਆਂ ਚੁਸਕੀਆਂ ਲੈ ਕੇ ਸਰਦੀ ਤੋਂ ਬਚਾਅ ਕਰਦੇ ਦੇਖੇ ਜਾ ਰਹੇ ਹਨ।
ਦੂਜੇ ਪਾਸੇ ਰੇਹੜੀ-ਫੜ੍ਹੀ ਵਾਲੇ ਵੀ ਲੱਕੜਾਂ ਬਾਲ ਕੇ ਠੰਡ ਤੋਂ ਬਚਾਅ ਕਰਦੇ ਨਜ਼ਰ ਆ ਰਹੇ ਹਨ। ਵੱਧਦੀ ਸਰਦੀ ਕਾਰਨ ਦੋਪਹੀਆ ਚਾਲਕ ਮੂੰਹ ਨੂੰ ਮਫਲਰ ਨਾਲ ਢੱਕ ਕੇ ਸਰਦੀ ਤੋਂ ਬਚਾਅ ਕਰ ਰਹੇ ਹਨ। ਸ਼ਹਿਰ ਵਿਚ ਹਜ਼ਾਰਾਂ ਰਿਕਸ਼ਾ ਡਰਾਈਵਰਾਂ ਨੂੰ ਇਸ ਵੱਧਦੀ ਸਰਦੀ 'ਚ ਰੁਜ਼ਗਾਰ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਘੱਟ ਕਿਰਾਏ 'ਤੇ ਵੀ ਸਵਾਰੀ ਲੈਣ 'ਤੇ ਮਜਬੂਰ ਹੋਣਾ ਪੈਂਦਾ ਹੈ ਕਿਉਂਕਿ ਲੋਕ ਸਰਦੀ ਅਤੇ ਠੰਡੀ ਹਵਾ ਤੋਂ ਬਚਾਅ ਲਈ ਜ਼ਿਆਦਾਤਰ ਆਟੋ ਵਿਚ ਬੈਠਦੇ ਹਨ। ਇਸ ਤੋਂ ਇਲਾਵਾ ਮੂੰਗਫਲੀ ਵੇਚਣ ਵਾਲਿਆਂ ਦੀ ਗਾਹਕੀ ਵੱਧ ਗਈ ਹੈ ਕਿਉਂਕਿ ਇਸ ਸਰਦੀ ਅਤੇ ਹਲਕੀ ਬਾਰਿਸ਼ ਵਿਚ ਗਰਮ-ਗਰਮ ਮੂੰਗਫਲੀ ਹਰ ਕੋਈ ਖਾਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਠੰਡ ਤੋਂ ਬਚਾਅ ਲਈ ਘਰਾਂ 'ਚ ਹੀਟਰ ਆਦਿ ਦਾ ਪ੍ਰਯੋਗ ਵੀ ਵੱਧ ਗਿਆ ਹੈ।


Related News