ਪਤੀ ਨੇ ਪਤਨੀ ਨੂੰ ਛੁਰਾ ਮਾਰ ਕੇ ਗੰਭੀਰ ਰੂਪ ''ਚ ਜ਼ਖ਼ਮੀ ਕੀਤਾ

06/27/2017 6:47:15 PM

ਨੂਰਪੁਰਬੇਦੀ (ਭੰਡਾਰੀ) : ਨਜ਼ਦੀਕੀ ਪਿੰਡ ਰਾਏਪੁਰ ਮੁੰਨੇ ਵਿਖੇ ਪਤੀ ਵਲੋਂ ਆਪਣੀ ਪਤਨੀ 'ਤੇ ਛੁਰੇ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ। ਔਰਤ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਜ਼ਖਮੀ ਔਰਤ ਲਖਵਿੰਦਰ ਕੌਰ ਦੇ ਭਰਾ ਹਰਪਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਕਰੀਬ 15 ਸਾਲ ਪਹਿਲਾਂ ਉਸ ਦੀ ਭੈਣ ਲਖਵਿੰਦਰ ਕੌਰ ਦਾ ਵਿਆਹ ਪਿੰਡ ਰਾਏਪੁਰ ਮੁੰਨੇ ਦੇ ਗੁਰਨਾਮ ਸਿੰਘ ਪੁੱਤਰ ਸਰਵਣ ਸਿੰਘ ਨਾਲ ਹੋਇਆ ਸੀ ਤੇ ਜਿਸਦੇ 2 ਬੇਟੇ ਹਨ। ਉਸਨੇ ਦੱਸਿਆ ਕਿ ਭੈਣ ਦਾ ਪਤੀ ਗੁਰਨਾਮ ਸਿੰਘ ਅਕਸਰ ਹੀ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਉਸਨੇ ਬਿਆਨਾਂ 'ਚ ਦੱਸਿਆ ਕਿ ਸਵੇਰੇ ਕਰੀਬ ਸਾਢੇ 10 ਵਜੇ ਸਾਬਕਾ ਸਰਪੰਚ ਦੇ ਲੜਕੇ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਕਿ ਤੁਹਾਡੀ ਲੜਕੀ ਲਖਵਿੰਦਰ ਕੌਰ ਦੇ ਉਸਦੇ ਪਤੀ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਢਿੱਡ 'ਚ ਛੁਰਾ ਮਾਰ ਦਿੱਤਾ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਉਹ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਤੁਰੰਤ ਸਰਕਾਰੀ ਹਸਪਤਾਲ ਆਨੰਦਪੁਰ ਸਾਹਿਬ ਵਿਖੇ ਪਹੁੰਚ ਗਏ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਭੈਣ ਨੂੰ ਇਲਾਜ ਲਈ ਦਾਖਲ ਕਰਵਾਇਆ ਹੋਇਆ ਸੀ। ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਸਥਾਨਕ ਪੁਲਸ ਨੇ ਜ਼ਖਮੀਂ ਔਰਤ ਦੇ ਪਤੀ ਗੁਰਨਾਮ ਸਿੰਘ ਵਿਰੁੱਧ ਇਰਾਦਾ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਕਥਿਤ ਦੋਸ਼ੀ ਅਜੇ ਫਰਾਰ ਹੈ ਤੇ ਜਿਸਦੀ ਭਾਲ ਕੀਤੀ ਜਾ ਰਹੀ ਹੈ।


Related News