ਮੋਟਰਸਾਈਕਲ ਸਵਾਰ ਦੇ ਗਲੇ ''ਤੇ ਫਿਰੀ ਡੋਰ

12/11/2017 7:52:33 AM

ਝਬਾਲ/ਬੀੜ ਸਾਹਿਬ,  (ਲਾਲੂ ਘੁੰਮਣ, ਬਖਤਾਵਰ)-  ਸ਼ਰੇਆਮ ਵਿਕ ਰਹੀ ਚਾਈਨੀਜ਼ ਡੋਰ ਦਾ ਜਿਥੇ ਕਹਿਰ ਜਾਰੀ ਹੈ, ਉਥੇ ਹੀ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ 'ਤੇ ਅੱਖਾਂ ਬੰਦ ਰੱਖਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਡੋਰ ਦੀ ਵਿਕਰੀ ਕਰਨ ਵਾਲੇ ਲੋਕਾਂ ਬਾਰੇ ਪ੍ਰਸ਼ਾਸਨ ਦੇ ਅਧਿਕਾਰੀ ਜਾਣੂ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਕਰ ਰਹੇ। 
ਜਾਣਕਾਰੀ ਦਿੰਦਿਆਂ ਇਲਾਕੇ ਦੇ ਉਦਯੋਗਪਤੀ ਅੰਗਰੇਜ਼ ਸਿੰਘ ਬਾਊ ਨੇ ਦੱਸਿਆ ਕਿ ਬੀਤੇ ਕੱਲ ਜਦੋਂ ਉਸ ਦਾ 16 ਸਾਲਾ ਲੜਕਾ ਜੋਬਨਪ੍ਰੀਤ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੱਡਾ ਝਬਾਲ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਗਲੇ 'ਤੇ ਅਚਾਨਕ ਚਾਈਨੀਜ਼ ਡੋਰ ਫਿਰ ਜਾਣ ਕਰ ਕੇ ਉਹ ਮੋਟਰਸਾਈਕਲ ਸਮੇਤ ਸੜਕ 'ਤੇ ਡਿੱਗ ਗਿਆ। ਉਸ ਨੇ ਦੱਸਿਆ ਕਿ ਮੋਟਰਸਾਈਕਲ ਦੀ ਰਫ਼ਤਾਰ ਹੌਲੀ ਹੋਣ ਕਾਰਨ ਜਿਥੇ ਡੋਰ ਉਸ ਦੇ ਗਲੇ 'ਤੇ ਡੂੰਘੀ ਨਹੀਂ ਫਿਰੀ, ਉਥੇ ਹੀ ਸੜਕ 'ਤੇ ਡਿੱਗਣ ਉਪਰੰਤ ਸੱਟ ਲੱਗਣ ਤੋਂ ਵੀ ਬਚਾਅ ਹੋ ਗਿਆ ਅਤੇ ਖੁਸ਼-ਕਿਸਮਤੀ ਇਹ ਵੀ ਰਹੀ ਕਿ ਉਸ ਸਮੇਂ ਕੋਈ ਭਾਰੀ ਵ੍ਹੀਕਲ ਨਾ ਆਉਣ ਕਰ ਕੇ ਵੱਡਾ ਹਾਦਸਾ ਵਾਪਰਨ ਤੋਂ ਵੀ ਬਚਾਅ ਹੋ ਗਿਆ। 
ਅੰਗਰੇਜ਼ ਸਿੰਘ ਬਾਊ, ਪ੍ਰਭਜੋਤ ਸਿੰਘ ਮੁਨੀਮ, ਜਗਤਾਰ ਸਿੰਘ ਜੱਗਾ, ਗੁਰਭੇਜ ਸਿੰਘ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਅੱਡਾ ਝਬਾਲ 'ਚ ਕੁਝ ਅਜਿਹੀਆਂ ਥਾਵਾਂ ਹਨ ਜਿਥੇ ਗੁਪਤ ਢੰਗ ਨਾਲ ਚਾਈਨੀਜ਼ ਡੋਰ ਵੇਚਣ ਦਾ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਉਕਤ ਲੋਕਾਂ ਬਾਰੇ ਜਾਣਕਾਰੀ ਹੋਣ ਦੇ ਬਾਅਦ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਕਤ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਕਸਬੇ 'ਚੋਂ ਇਸ ਡੋਰ ਦੀ ਵਿਕਰੀ 'ਤੇ ਰੋਕ ਨਾ ਲਾਈ ਤਾਂ ਆਉਣ ਵਾਲੇ ਦਿਨਾਂ 'ਚ ਵੱਡੇ ਜਾਨਲੇਵਾ ਹਾਦਸੇ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


Related News