ਚਿੱਟ ਫੰਡ ਕੰਪਨੀਆਂ ਦੀ ਲੁੱਟ ਖਿਲਾਫ ਸੈਂਕੜੇ ਪੀੜਤਾਂ ਦਾ ਪ੍ਰਦਰਸ਼ਨ

08/18/2017 4:25:28 AM

ਲੁਧਿਆਣਾ, (ਪੰਕਜ)- ਦੇਸ਼ ਵਿਚ ਮਾਨਤਾ ਪ੍ਰਾਪਤ ਚਿੱਟ ਫੰਡ ਕੰਪਨੀਆਂ ਵੱਲੋਂ ਮਚਾਈ ਲੁੱਟ ਦਾ ਸ਼ਿਕਾਰ ਹੋਏ ਸੈਂਕੜੇ ਪੀੜਤਾਂ ਵੱਲੋਂ ਗਿੱਲ ਰੋਡ ਸਥਿਤ ਦਾਣਾ ਮੰਡੀ ਵਿਚ ਵਿਸ਼ਾਲ ਧਰਨਾ ਦਿੰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਡੀ ਮਾਤਰਾ ਵਿਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਤੇ ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ ਸੀ। ਇਸ ਮੌਕੇ ਮੌਜੂਦਗੀ ਨੂੰ ਸੰਬੋਧਨ ਕਰਦੇ ਹੋਏ ਮਹਿੰਦਰ ਪਾਲ ਸਿੰਘ ਨੇ ਦੋਸ਼ ਲਾਇਆ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਚਿੱਟ ਫੰਡ ਕੰਪਨੀਆਂ ਨੂੰ ਮਾਨਤਾ ਦੇ ਕੇ ਆਮ ਗਰੀਬ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਲੁੱਟਣ ਦੀ ਛੋਟ ਦਿੱਤੀ ਗਈ ਹੈ ਇਨ੍ਹਾਂ ਕੰਪਨੀਆਂ ਵੱਲੋਂ ਸ਼ਰੀਫ ਪਰਿਵਾਰਾਂ ਨੂੰ ਬਹਿਕਾ ਕੇ ਉਨ੍ਹਾਂ ਕੋਲੋਂ ਪਹਿਲਾਂ ਲੱਖਾਂ ਕਰੋੜਾਂ ਰੁਪਏ ਦੀ ਦੇਸ਼ ਤੇ ਵਿਦੇਸ਼ਾਂ ਵਿਚ ਬੇਨਾਮੀ ਪ੍ਰਾਪਰਟੀਆਂ ਬਣਾ ਕੇ ਐਸ਼ ਕੀਤੀ ਜਾ ਰਹੀ ਹੈ, ਜਦ ਕਿ ਨਿਵੇਸ਼ਕ ਸੜਕਾਂ 'ਤੇ ਧਰਨੇ ਪ੍ਰਦਰਸ਼ਨ ਕਰਨ ਤੇ ਜੇਲਾਂ ਵਿਚ ਸੁੱਟੇ ਜਾ ਰਹੇ ਹਨ। 
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਤਰਸ ਕੰਪਨੀ ਦੇ ਲੋਕ ਚੋਰੀ ਛਿੱਪੇ ਪੰਜਾਬ ਵਿਚ ਪ੍ਰਾਪਰਟੀਆਂ ਵੇਚਣ ਵਿਚ ਲੱਗੇ ਹੋਏ ਹਨ, ਜਦ ਕਿ ਈ. ਡੀ. ਵੱਲੋਂ ਕੰਪਨੀ ਦੀਆਂ ਸਾਰੀਆਂ ਪ੍ਰਾਪਰਟੀਆਂ ਪਲੱਜ ਕੀਤੀਆਂ ਹੋਈਆਂ ਹਨ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਚੰਡੀਗੜ੍ਹ ਰੋਡ ਸਥਿਤ ਦੋ ਸ਼ਾਪ-ਕਮ ਦਫਤਰ ਜਿਸ ਦੀ ਕੀਮਤ 10 ਕਰੋੜ ਸੀ, ਨੂੰ ਇਕ ਡਾਕਟਰ ਨੇ ਔਣੇ-ਪੌਣੇ ਰੇਟਾਂ 'ਤੇ ਖਰੀਦ ਕੇ ਅੱਗੇ ਵੇਚਣ ਦੀ ਖ਼ਬਰ ਹੈ, ਜਿਸਦੀ ਜਲਦੀ ਈ. ਡੀ. ਵਿਚ ਸ਼ਿਕਾਇਤ ਕਰ ਕੇ ਇਨ੍ਹਾਂ ਪ੍ਰਾਪਰਟੀਆਂ ਦੀ ਐੱਨ. ਓ. ਸੀ. ਜਾਰੀ ਕਰਨ ਵਾਲੇ ਅਧਿਕਾਰੀਆਂ ਤੇ ਹੋਰਨਾਂ ਖਿਲਾਫ ਕਾਰਵਾਈ ਕਰਵਾਈ ਜਾਵੇਗੀ, ਕਿਉਂਕਿ ਇਹ ਪ੍ਰਾਪਰਟੀਆਂ ਲੱਖਾਂ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਹੈ। ਪ੍ਰਦਰਸ਼ਨਕਾਰੀਆਂ ਨੇ ਇਸ ਤੋਂ ਬਾਅਦ ਰੇਲ ਟ੍ਰੈਕ 'ਤੇ ਧਰਨਾ ਲਗਾ ਦਿੱਤਾ, ਜੋ ਦੇਰ ਸ਼ਾਮ ਤਕ ਜਾਰੀ ਸੀ।


Related News