ਹੁਸ਼ਿਆਰਪੁਰ ਜ਼ਿਲੇ ''ਚ ਪਟਾਕੇ ਵੇਚਣ ਲਈ 57 ਆਰਜ਼ੀ ਲਾਇਸੈਂਸ ਜਾਰੀ

10/18/2017 6:05:46 AM

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕਿਆਂ ਦੀ ਵਿਕਰੀ ਲਈ ਜ਼ਿਲੇ ਵਿਚ 57 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਆਰਜ਼ੀ ਲਾਇਸੈਂਸਾਂ ਅਤੇ ਨਿਸ਼ਚਿਤ ਕੀਤੇ ਗਏ ਸਥਾਨਾਂ ਤੋਂ ਇਲਾਵਾ ਜੇ ਕੋਈ ਵਿਕਰੇਤਾ ਪਟਾਕੇ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ਼ ਨਿਯਮਾਂ ਅਨੁਸਾਰ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟਰੇਟ ਸ਼੍ਰੀ ਵਿਪੁਲ ਉੱਜਵਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਰਾਅ ਰਾਹੀਂ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਜਾਰੀ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ।
ਸ਼੍ਰੀ ਉੱਜਵਲ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਦੁਸਹਿਰਾ ਗਰਾਊਂਡ, ਰੌਸ਼ਨ ਗਰਾਊਂਡ, ਬਜਵਾੜਾ ਕੰਢੀ ਨਹਿਰ, ਗਰੀਨ ਵਿਊ ਪਾਰਕ, ਬੁੱਲ੍ਹੋਵਾਲ, ਚੱਬੇਵਾਲ, ਹਰਿਆਣਾ, ਰਾਮਲੀਲਾ ਗਰਾਊਂਡ ਹਰਿਆਣਾ ਅਤੇ ਦੁਸਹਿਰਾ ਗਰਾਊਂਡ ਹਰਿਆਣਾ ਵਿਖੇ ਪਟਾਕੇ ਵੇਚਣ ਲਈ 27 ਲਾਇਸੈਂਸ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਤਹਿਸੀਲ ਦਸੂਹਾ ਵਿਖੇ ਮਹਾਰਿਸ਼ੀ ਵਾਲਮੀਕਿ ਪਾਰਕ, ਪੰਚਾਇਤ ਸੰਮਤੀ ਸਟੇਡੀਅਮ, ਰਾਮਲੀਲਾ ਗਰਾਊਂਡ ਉੜਮੁੜ, ਸ਼ਿਮਲਾ ਪਹਾੜੀ ਟਾਂਡਾ ਦੀ ਗਰਾਊਂਡ ਅਤੇ ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਵਿਖੇ ਪਟਾਕੇ ਵੇਚਣ ਲਈ 14 ਲਾਇਸੈਂਸ ਜਾਰੀ ਕੀਤੇ ਗਏ ਹਨ। ਤਹਿਸੀਲ ਗੜ੍ਹਸ਼ੰਕਰ ਵਿਖੇ ਮਿਲਟਰੀ ਪੜਾਅ (ਐੱਸ. ਡੀ. ਐੱਮ. ਦਫ਼ਤਰ ਦੇ ਸਾਹਮਣੇ), ਫਗਵਾੜਾ ਰੋਡ 'ਤੇ ਸਥਿਤ ਨਗਰ ਪੰਚਾਇਤ ਮਾਹਿਲਪੁਰ ਦੀ ਮਾਲਕੀ ਵਾਲੀ ਜਗ੍ਹਾ, ਸ਼ਹੀਦਾਂ ਰੋਡ ਦਾਣਾ ਮੰਡੀ ਮਾਹਿਲਪੁਰ, ਫਗਵਾੜਾ ਰੋਡ 'ਤੇ ਸਥਿਤ ਨਗਰ ਪੰਚਾਇਤ ਮਾਹਿਲਪੁਰ ਦੀ ਮਾਲਕੀ ਵਾਲੀ ਜਗ੍ਹਾ ਲਈ 9 ਲਾਇਸੈਂਸ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਮੁਕੇਰੀਆਂ ਸਬ-ਡਵੀਜ਼ਨ ਵਿਖੇ ਦੁਸਹਿਰਾ ਗਰਾਊਂਡ ਮੁਕੇਰੀਆਂ, ਦੁਸਹਿਰਾ ਗਰਾਊਂਡ ਹਾਜੀਪੁਰ, ਰਾਮਲੀਲਾ ਗਰਾਊਂਡ ਹਰਸਾ ਮਾਨਸਰ, ਰਾਮਲੀਲਾ ਗਰਾਊਂਡ ਦਾਤਾਰਪੁਰ ਅਤੇ ਕਮਿਊਨਿਟੀ ਸੈਂਟਰ ਕਮਾਹੀ ਦੇਵੀ ਵਿਖੇ ਪਟਾਕੇ ਵੇਚਣ ਲਈ 7 ਲਾਇਸੈਂਸ ਜਾਰੀ ਕੀਤੇ ਗਏ ਹਨ।
ਡੀ. ਸੀ. ਨੇ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਕਤ ਸਥਾਨਾਂ ਅਤੇ ਆਰਜ਼ੀ ਲਾਇਸੈਂਸ ਤੋਂ ਬਿਨਾਂ ਕੋਈ ਵੀ ਦੁਕਾਨਦਾਰ ਪਟਾਕੇ ਨਹੀਂ ਵੇਚੇਗਾ ਅਤੇ ਜਾਰੀ ਕੀਤੇ ਗਏ ਇਕ ਲਾਇਸੈਂਸ 'ਤੇ ਸਿਰਫ ਇਕ ਜਗ੍ਹਾ 'ਤੇ ਹੀ ਪਟਾਕੇ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਾਮ 6.30 ਤੋਂ ਲੈ ਕੇ ਰਾਤ 9.30 ਵਜੇ ਤੱਕ ਹੀ ਦੀਵਾਲੀ ਵਾਲੇ ਦਿਨ 19 ਅਕਤੂਬਰ ਨੂੰ ਪਟਾਕੇ ਚਲਾਏ ਜਾ ਸਕਦੇ ਹਨ। ਜੇਕਰ ਕੋਈ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰੇਗਾ, ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਨੂੰ ਤਰਜੀਹ ਦਿੱਤੀ ਜਾਵੇ, ਕਿਉਂਕਿ ਪਟਾਕਿਆਂ ਦਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ।


Related News