ਘਰੇਲੂ ਬਗੀਚੀਆਂ ਦਾ ਰੁਝਾਨ ਵਧਿਆ

06/25/2017 12:55:28 PM

ਬਿਲਾਸਪੁਰ/ਨਿਹਾਲ ਸਿੰਘ ਵਾਲਾ(ਜਗਸੀਰ, ਬਾਵਾ)— ਪੰਜਾਬੀਆਂ 'ਚ ਘਰੇਲੂ ਬਗੀਚੀ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਖਾਸ ਕਰਕੇ ਪੇਂਡੂ ਖੇਤਰਾਂ 'ਚ ਲੋਕ ਘਰਾਂ 'ਚ ਹੀ ਫਲ ਅਤੇ ਸਬਜ਼ੀਆਂ ਉਗਾਉਣ ਦਾ ਉਪਰਾਲਾ ਕਰਨ ਲੱਗੇ ਹਨ। ਇਸ ਸਬੰਧੀ ਜਦੋਂ ਕਿਸਾਨ ਸੁਖਰਾਜ ਸਿੰਘ ਰਾਜੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੈਂ ਆਪਣੇ ਪਰਿਵਾਰ ਦੀ ਲੋੜ ਮੁਤਾਬਕ ਘਰੇਲੂ ਬਗੀਚੀ 'ਚ ਸਬਜ਼ੀਆਂ ਦੀ ਕਾਸ਼ਤ ਕਰਦਾ ਹਾਂ। ਅਜਿਹਾ ਕਰਨ ਦਾ ਮੁੱਖ ਕਾਰਨ ਬਾਜ਼ਾਰ 'ਚੋਂ ਮਿਲਦੀਆਂ ਸਬਜ਼ੀਆਂ ਦੀ ਗੁਣਵੱਤਾ 'ਤੇ ਉਠਦੇ ਸਵਾਲ ਹਨ। ਉਸ ਅਨੁਸਾਰ ਬਾਜ਼ਾਰ 'ਚ ਮਿਲਦੀਆਂ ਸਬਜ਼ੀਆਂ ਦਾ ਉਤਪਾਦਨ ਵਪਾਰਕ ਨਜ਼ਰੀਏ ਨਾਲ ਕੀਤਾ ਹੁੰਦਾ ਹੈ, ਜੋ ਕਿ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਰਸਾਇਣਕ ਖਾਦਾਂ ਦੀ ਵੱਧ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਬੇਹੱਦ ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਸਬਜ਼ੀਆਂ 'ਚ ਜ਼ਹਿਰੀਲੇ ਤੱਤਾਂ ਦੀ ਭਰਮਾਰ ਹੁੰਦੀ ਹੈ। ਇਸ ਕਾਰਨ ਮਨੁੱਖ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਬਣ ਰਹੇ ਹਨ। ਚੇਤਨ ਕਿਸਾਨ ਪੰਜਾਬ 'ਚ ਉਗ ਸਕਣ ਵਾਲੇ ਫਲਦਾਰ ਬੂਟਿਆਂ ਦੀ ਕਾਸ਼ਤ ਵੀ ਘਰੇਲੂ ਬਗੀਚੀਆਂ ਵਿਚ ਕਰਨ ਲੱਗੇ ਹਨ। ਅਜਿਹਾ ਕਰਨ ਨਾਲ ਜਿੱਥੇ ਫਜ਼ੂਲ ਖਰਚੀ ਤੋਂ ਬਚਾਅ ਹੁੰਦਾ ਹੈ, ਉਥੇ ਹੀ ਜ਼ਹਿਰਾਂ ਤੋਂ ਮੁਕਤ ਫਲ ਅਤੇ ਸਬਜ਼ੀਆਂ ਵੀ ਮਿਲਦੀਆਂ ਹਨ। ਇਹ ਵੀ ਨੋਟ ਕੀਤਾ ਗਿਆ ਕਿ ਘਰੇਲੂ ਬਗੀਚੀਆਂ 'ਚ ਫਲ ਅਤੇ ਸਬਜ਼ੀਆਂ ਜੈਵਿਕ ਢੰਗਾਂ ਨਾਲ ਉਗਾਉਣ ਦਾ ਰੁਝਾਨ ਵਧਿਆ ਹੈ। ਅਜਿਹਾ ਕਰਨ ਨਾਲ ਜ਼ਹਿਰ ਮੁਕਤ ਤਾਜ਼ੀਆਂ ਸਬਜ਼ੀਆਂ ਤੇ ਫਲ ਮਿਲ ਸਕਣੇ ਸੰਭਵ ਹੁੰਦੇ ਹਨ।


Related News