ਅਣਪਛਾਤੇ ਲੁਟੇਰਿਆਂ ਘਰ ਨੂੰ ਬਣਾਇਆ ਨਿਸ਼ਾਨ, ਕੀਤੀ ਲੱਖਾਂ ਦੀ ਚੋਰੀ

08/16/2017 4:25:13 PM

ਬਟਾਲਾ,  (ਸੈਂਡੀ) - ਅੱਜ ਸਵੇਰੇ ਕ੍ਰਿਸ਼ਨਾ ਨਗਰ ਕਾਲੋਨੀ 'ਚ ਦੋ ਅਣਪਛਾਤੇ ਲੁਟੇਰਿਆਂ ਵਲੋਂ ਇਕ ਘਰ 'ਚ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਪ੍ਰੋ. ਅਗਨੀਹੋਤਰੀ ਪੁੱਤਰ ਬੂਟਾ ਰਾਮ ਵਾਸੀ ਕ੍ਰਿਸ਼ਨਾ ਕਾਲੋਨੀ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਦੋਵੇਂ ਘਰ 'ਚ ਇਕੱਲੇ ਰਹਿੰਦੇ ਹਾਂ ਜਦਕਿ ਮੇਰਾ ਬੇਟਾ ਆਸਟ੍ਰੇਲੀਆ ਰਹਿੰਦਾ ਹੈ। ਅੱਜ ਸਵੇਰੇ ਮੈਂ 3:30 ਵਜੇ ਘਰੋ ਸੈਰ ਕਰਨ ਗਿਆ ਅਤੇ ਜਦੋ ਵਾਪਸ ਆਇਆ ਤਾਂ ਦੇਖਿਆ ਕਿ ਘਰ ਦਾ ਗੇਟ ਖੁੱਲਾ ਸੀ, ਜਦੋਂ ਮੈਂ ਅੰਦਰ ਗਿਆ ਤਾਂ 2 ਅਣਪਛਾਤੇ ਵਿਅਕਤੀ ਸਾਡੇ ਕਮਰੇ 'ਚੋ ਬਾਹਰ ਆ ਰਹੇ ਸਨ। ਜਦੋਂ ਮੈਂ ਸ਼ੋਰ ਮਚਾਇਆ ਤਾਂ ਉਨ੍ਹਾਂ ਨੇ ਮੈਨੂੰ ਲੋਹੇ ਦੀ ਰਾਡ ਮਾਰ ਕੇ ਜ਼ਖਮੀਂ ਕਰ ਦਿੱਤਾ।
ਉਕਤ ਚੋਰਾਂ ਨੇ ਕਮਰੇ 'ਚ ਅਲਮਾਰੀ ਤੋੜ ਕੇ 7 ਤੋਲੇ ਸੋਨਾ, 800 ਆਸਟ੍ਰੇਲੀਅਨ ਡਾਲਰ, 30 ਹਜਾਰ ਦੀ ਨਕਦੀ ਚੋਰੀ ਕਰ ਲਈ ਹੈ। ਇਸ ਸਬੰਧੀ ਮੌਕੇ 'ਤੇ ਪਹੁੰਚੇ ਐਸ. ਐਚ. ਓ. ਸਿਟੀ ਪ੍ਰਭਜੋਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰੋ. ਅਗਨੀਹੋਤਰੀ ਦੇ ਬਿਆਨ ਕਲਮਬੰਦ ਕਰਕੇ ਅਣਪਛਾਤੇ ਚੋਰਾਂ ਖਿਲਾਫ ਥਾਣਾ ਸਿਟੀ ਵਿਖੇ ਕੇਸ ਦਰਜ ਕਰ ਦਿੱਤਾ ਹੈ ਅਤੇ ਆਸ-ਪਾਸ ਘਰਾਂ ਦੇ ਕੈਮਰਿਆਂ ਦੀ ਫੁਟੇਜ਼ ਚੈਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ। 


Related News