ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸੂਬੇ ਦੇ ਹਿੱਤਾਂ ''ਤੇ ਪਹਿਰਾ ਦਿੱਤਾ : ਔਲਖ, ਖਹਿਰਾ

11/19/2017 10:02:49 AM

ਖਡੂਰ ਸਾਹਿਬ (ਕੁਲਾਰ) - ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਖਹਿਰਾ ਨੂੰ ਚਾਹੀਦਾ ਸੀ ਕਿ ਉਹ ਨੈਤਿਕਤਾ ਦੇ ਆਧਾਰ 'ਤੇ ਵਿਰੋਧੀ ਧਿਰ ਦੇ ਆਗੂ ਵਜੋਂ ਆਪਣਾ ਅਸਤੀਫਾ ਦੇ ਕੇ ਮਾਮਲੇ ਦੀ ਤਫਤੀਸ਼ ਵਿਚ ਸ਼ਾਮਲ ਹੁੰਦੇ ਪਰ ਇਸ ਦੇ ਉਲਟ ਉਨ੍ਹਾਂ ਵੱਲੋਂ ਅਸਤੀਫਾ ਨਾ ਦੇਣ ਸਬੰਧੀ ਦਿੱਤੇ ਬਿਆਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਨਸ਼ੇ ਸਮੱਗਲਰਾਂ ਨਾਲ ਸਬੰਧ ਹਨ ਅਤੇ ਉਨ੍ਹਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਵਿਸ਼ਵਾਸ ਨਹੀਂ ਹੈ। 
ਇਹ ਪ੍ਰਗਟਾਵਾ ਕੁਲਦੀਪ ਸਿੰਘ ਔਲਖ ਵਰਕਿੰਗ ਕਮੇਟੀ ਮੈਂਬਰ ਤੇ ਸਾਬਕਾ ਚੇਅਰਮੈਨ ਗੁਰਿੰਦਰਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਿ ਆਪਣੇ ਆਪ ਨੂੰ ਬਾਕੀ ਰਾਜਨੀਤਿਕ ਪਾਰਟੀਆਂ ਤਂੋ ਵੱਖਰੀ ਵਿਚਾਰਧਾਰਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਹੋਣ ਦਾ ਦਾਅਵਾ ਕਰਦੀ ਹੈ, ਪਾਰਟੀ ਹਾਈਕਮਾਨ ਵੱਲੋਂ ਇੰਨਾ ਵੱਡਾ ਮਸਲਾ ਸਾਹਮਣੇ ਆਉਣ 'ਤੇ ਵੀ ਖਹਿਰਾ ਨੂੰ ਵਿਰੋਧੀ ਦੇ ਆਗੂ ਦੇ ਅਹੁਦੇ ਤਂੋ ਨਾ ਹਟਾਉਣਾ ਪਾਰਟੀ ਦੀਆਂ ਨੀਤੀਆਂ 'ਤੇ ਪ੍ਰਸ਼ਨ ਚਿੰਨ੍ਹ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸੂਬੇ ਦੇ ਹਿੱਤਾਂ 'ਤੇ ਪਹਿਰਾ ਦਿੱਤਾ ਹੈ। ਹੁਣ ਪਾਰਟੀ ਵੱਲੋਂ ਖਹਿਰਾ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਉਣ ਲਈ ਜ਼ਿਲਾ ਪੱਧਰ 'ਤੇ ਮੋਰਚੇ ਲਾਏ ਜਾ ਰਹੇ ਹਨ ਤਾਂ ਜੋ ਸੂਬੇ ਦੇ ਭੋਲੇ-ਭਾਲੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਸਮੇਂ ਪ੍ਰਧਾਨ ਕੁਲਦੀਪ ਸਿੰਘ ਲਾਹੌਰੀਆ, ਸਾਬਕਾ ਸਰਪੰਚ ਹਰਦੀਪ ਸਿੰਘ ਹੰਸਾਵਾਲਾ, ਕੈਪਟਨ ਸੁੱਚਾ ਸਿੰਘ, ਕੁਲਦੀਪ ਸਿੰਘ ਹੰਸਪਾਲ, ਸੁਰਿੰਦਰਪਾਲ ਸਿੰਘ ਸੈਣੀ ਤੇ ਹੋਰ ਹਾਜ਼ਰ ਸਨ।    


Related News