ਜ਼ਿਲੇ ''ਚ ਹਾਈ ਅਲਰਟ

08/18/2017 6:15:20 AM

ਪਟਿਆਲਾ (ਬਲਜਿੰਦਰ) - ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਨੂੰ ਲੈ ਕੇ ਜ਼ਿਲੇ ਭਰ ਵਿਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਫੈਸਲਾ ਹੁਣ 18 ਅਗਸਤ ਦੀ ਬਜਾਏ 25 ਅਗਸਤ ਨੂੰ ਸੁਣਾਇਆ ਜਾਣਾ ਹੈ। ਪੁਲਸ ਵੱਲੋਂ ਕੋਈ ਢਿੱਲ ਨਹੀਂ ਦਿੱਤੀ ਗਈ। ਹਾਈ ਅਲਰਟ ਵਿਚ ਪਟਿਆਲਾ ਪੁਲਸ ਦੇ ਨਾਲ ਨਾਨ-ਕਮਾਂਡੋ ਅਤੇ ਹੋਰ ਆਰਮਡ ਫੋਰਸਿਜ਼ ਨੇ ਆਪੋ-ਆਪਣਾ ਮੋਰਚਾ ਸੰਭਾਲ ਲਿਆ ਹੈ। ਕੇਂਦਰ ਤੋਂ ਵੀ ਪੈਰਾ-ਮਿਲਟਰੀ ਫੋਰਸ ਦੀ ਮੰਗ ਕੀਤੀ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਘਟਨਾ 'ਤੇ ਕਾਬੂ ਪਾਇਆ ਜਾ ਸਕੇ। ਹਰ ਤਰ੍ਹਾਂ ਦੀ ਘਟਨਾ ਨੂੰ ਰੋਕਣ ਲਈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੌਕਡਰਿੱਲਾਂ ਵੀ ਚੱਲ ਰਹੀਆਂ ਹਨ। ਪੁਲਸ ਨੇ ਆਪਣਾ ਖੁਫੀਆ-ਤੰਤਰ ਵੀ ਤੇਜ਼ ਕਰ ਦਿੱਤਾ ਹੈ। ਖਾਸ ਤੌਰ 'ਤੇ ਜ਼ਿਲੇ ਭਰ ਦੇ ਨਾਮ-ਚਰਚਾ ਘਰਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।  ਜਾਣਕਾਰੀ ਦਿੰਦਿਆਂ ਐੱਸ. ਪੀ. ਐੱਸ. ਅਮਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਜ਼ਿਲੇ ਭਰ ਵਿਚੋਂ 2500 ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਖਾਸ ਤੌਰ 'ਤੇ ਦਫਤਰਾਂ ਅਤੇ ਬਾਕੀ ਥਾਵਾਂ ਤੋਂ ਵੀ ਫੋਰਸ ਨੂੰ ਬੁਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਤੋਂ ਵੀ 35 ਕੰਪਨੀਆਂ ਪੈਰਾ-ਮਿਲਟਰੀ ਫੋਰਸ ਦੀਆਂ ਮੰਗੀਆਂ ਗਈਆਂ ਹਨ, ਜਿਹੜੀਆਂ ਕਿ ਆਉਣ ਵਾਲੇ ਦਿਨਾਂ ਵਿਚ ਪਟਿਆਲਾ ਵਿਖੇ ਪਹੁੰਚ ਜਾਣਗੀਆਂ। ਉਨ੍ਹਾਂ ਦੱਸਿਆ ਕਿ ਭਾਵੇਂ ਫੈਸਲਾ ਹੁਣ 25 ਅਗਸਤ ਨੂੰ ਸੁਣਾਇਆ ਜਾਣਾ ਹੈ ਪਰ ਪਟਿਆਲਾ ਪੁਲਸ ਦਾ ਅਲਰਟ ਲਗਾਤਾਰ ਜਾਰੀ ਰਹੇਗਾ।
ਨਾਈਟ ਪਟਰੋਲਿੰਗ ਅਤੇ ਪੀ. ਸੀ. ਆਰ. ਦੀ ਗਸ਼ਤ ਵਧਾਈ
ਐੱਸ. ਪੀ. ਐੱਚ. ਨੇ ਦੱਸਿਆ ਕਿ ਰਾਤ ਦੇ ਸਮੇਂ ਨਾਈਟ ਪਟਰੋਲਿੰਗ ਅਤੇ ਪੀ. ਸੀ. ਆਰ. ਦੀ ਗਸ਼ਤ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਾਕਾਬੰਦੀ ਵੀ ਕਾਫੀ ਜ਼ਿਆਦਾ ਵਧਾ ਦਿੱਤੀ ਹੈ। ਲਗਾਤਾਰ ਚੈÎਕਿੰਗ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਹਰ ਤਰ੍ਹਾਂ ਦੀ ਪੁਜ਼ੀਸ਼ਨ ਨੂੰ ਸੰਭਾਲਣ ਲਈ ਮੁਲਾਜ਼ਮਾਂ ਦੀ ਮੌਕਡਰਿੱਲ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਕੇਂਦਰੀ ਤੋਂ ਪੈਰਾ-ਮਿਲਟਰੀ ਦੀਆਂ ਕੰਪਨੀਆਂ ਵੀ ਪਹੁੰਚ ਜਾਣਗੀਆਂ। ਉਨ੍ਹਾਂ ਨੂੰ ਪੁਲਸ ਡਵੀਜ਼ਨਾਂ ਮੁਤਾਬਕ ਵੰਡ ਕੇ ਤਾਇਨਾਤ ਕੀਤਾ ਜਾਵੇਗਾ। ਜਿਹੜੇ ਇਲਾਕਿਆਂ ਵਿਚ ਡੇਰਾ ਪ੍ਰੇਮੀਆਂ ਦੀ ਗਿਣਤੀ ਜ਼ਿਆਦਾ ਹੈ, ਉਥੇ ਫੋਰਸ ਨੂੰ ਜ਼ਿਆਦਾ ਤਾਇਨਾਤ ਕੀਤਾ ਜਾਵੇਗਾ। ਜ਼ਿਲੇ ਵਿਚ ਡੇਰਾ ਪ੍ਰੇਮੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪੁਲਸ ਵੱਲੋਂ ਵੱਡੇ ਪੱਧਰ 'ਤੇ ਇੰਤਜ਼ਾਮ ਕੀਤੇ ਜਾ ਰਹੇ ਹਨ।
ਰੇਲਵੇ ਲਾਈਨਾਂ ਦੀ ਰਾਖੀ ਲਈ ਵਿਸ਼ੇਸ਼ ਪ੍ਰਬੰਧ
ਇਥੇ ਇਹ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਪਹਿਲਾਂ ਇਸ ਇਲਾਕੇ ਦੀਆਂ ਰੇਲਵੇ ਡਵੀਜ਼ਨਾਂ ਨੂੰ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ। ਬਾਕਾਇਦਾ ਹੁਕਮ ਜਾਰੀ ਕੀਤੇ ਗਏ ਹਨ। ਰੇਲਵੇ ਪੁਲਸ ਵੱਲੋਂ ਵੀ ਲਗਾਤਾਰ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਰੇਲਵੇ ਲਾਈਨਾਂ ਦੀ ਰਾਖੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।


Related News