ਹੈਰੋਇਨ ਫੜਵਾਉਣ ਵਾਲੇ ਬੀ. ਐੱਸ. ਐੱਫ. ਦੇ ਜਵਾਨ ਸਨਮਾਨਿਤ

12/12/2017 10:50:43 AM

ਗੁਰਦਾਸਪੁਰ (ਵਿਨੋਦ) - ਬੀਤੇ ਦਿਨੀਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਬੀ. ਐੱਸ. ਐੱਫ. ਦੀ ਬੀ. ਓ. ਪੀ. ਰੋਸਾ ਪਕੀਵਾਂ 'ਤੇ ਤਾਇਨਾਤ 12 ਬਟਾਲੀਅਨ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤ ਭੇਜੀ ਗਈ 55 ਕਿਲੋ ਹੈਰੋਇਨ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 2 ਅਰਬ 75 ਕਰੋੜ ਹੈ, ਨੂੰ ਆਪਣੀ ਜਾਨ 'ਤੇ ਖੇਡਦੇ ਹੋਏ ਬਰਾਮਦ ਕਰ ਕੇ ਬਹਾਦਰੀ ਦਾ ਕਾਰਨਾਮਾ ਕੀਤਾ ਹੈ। ਇਸ ਪੂਰੇ ਆਪ੍ਰੇਸ਼ਨ ਨੂੰ ਅੰਜਾਮ ਦੇਣ ਵਾਲੀ ਬੀ. ਐੱਸ. ਐੱਫ. ਦੀ ਟੀਮ ਦੇ ਸਾਹਸ ਨੂੰ ਵੇਖਦੇ ਹੋਏ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਬੀ. ਐੱਸ. ਐੱਫ. ਦੇ ਸੈਕਟਰ ਹੈੱਡਕੁਆਰਟਰ ਗੁਰਦਾਸਪੁਰ 'ਚ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਅਗਵਾਈ 'ਚ ਇਕ ਸਨਮਾਨ ਸਮਾਗਮ ਦਾ ਆਯੋਜਿਨ ਕੀਤਾ ਗਿਆ, ਜਿਸ ਵਿਚ ਬੀ. ਐੱਸ. ਐੱਫ. ਹੈੱਡਕੁਆਰਟਰ ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ ਆਈ. ਪੀ. ਐੱਸ. ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਪ੍ਰੀਸ਼ਦ ਵੱਲੋਂ ਹੈਰੋਇਨ ਫੜਵਾਉਣ ਵਾਲੇ ਦੋ ਜਵਾਨਾਂ ਕਾਂਸਟੇਬਲ ਡੀ. ਲੋਕੇਂਦਰਾ ਸਿੰਘ ਤੇ ਕਾਂਸਟੇਬਲ ਹਰੀਸ਼ ਕੁਮਾਰ ਨੂੰ ਬਹਾਦਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 
ਇਸ ਸਮੇਂ ਸੈਕਟਰ ਦੇ ਏਡਮ ਕਮਾਂਡਰ ਟੀ. ਪੀ. ਐੱਸ. ਸਿੱਧੂ, 12ਬਟਾਲੀਅਨ ਦੇ ਕਮਾਂਡਿੰਗ ਅਫਸਰ ਦਿਨੇਸ਼ ਰਾਜੌਰਾ, ਟੂ. ਆਈ. ਸੀ. ਕੇ. ਐੱਸ. ਮੇਹਤਾ, ਡਿਪਟੀ ਕਮਾਂਡੈਂਟ ਜਗਦੇਵ ਸਿੰਘ, ਜ਼ਿਲਾ ਐੱਨ. ਆਰ. ਆਈ. ਸਭਾ ਦੇ ਪ੍ਰਧਾਨ ਐੱਨ. ਪੀ. ਸਿੰਘ, ਸ਼ਹੀਦ ਲੈਫ. ਨਵਦੀਪ ਸਿੰਘ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਕਮਿਸ਼ਨਰ ਹਰਦਿਆਲ ਸਿੰਘ ਜੌਹਰ, ਪ੍ਰਸ਼ੋਤਮ ਸੈਣੀ ਆਦਿ ਹਾਜ਼ਰ ਸਨ।


Related News