ਹੈਪੀ ਸੀਡਰ ਮਸ਼ੀਨ ਨਾਲ 70 ਏਕੜ ਕਣਕ ਦੀ ਕੀਤੀ ਬਿਜਾਈ

11/19/2017 7:35:32 AM

ਪੱਟੀ,   (ਪਾਠਕ)-  ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਦੇ ਦਿਸ਼ਾ-ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਪ੍ਰਤਾਪ ਸਿੰਘ, ਖੇਤੀਬਾੜੀ ਅਫਸਰ ਪੱਟੀ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤ ਵਿਚ ਸੰਭਾਲਣ ਸਬੰਧੀ ਉੁਤਸ਼ਾਹਿਤ ਕਰਨ ਹਿੱਤ ਪਿੰਡ ਤੁੰਗ ਵਿਖੇ ਖੇਤੀਬਾੜੀ ਵਿਕਾਸ ਅਫਸਰ ਡਾ. ਭੁਪਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ. ਸੰਦੀਪ ਸਿੰਘ ਅਤੇ ਖੇਤੀ ਉਪ ਨਿਰੀਖਕ ਅਮਨਦੀਪ ਸਿੰਘ ਨੇ ਕੁਲਦੀਪ ਸਿੰਘ ਦੇ ਖੇਤ ਦਾ ਨਿਰੀਖਣ ਕੀਤਾ ।
ਕਿਸਾਨ ਕੁਲਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਵਿਭਾਗ ਦੀ ਪ੍ਰੇਰਣਾ ਸਦਕਾ ਪਿਛਲੇ ਸਾਲ ਹੈਪੀ ਸੀਡਰ ਬਿਜਾਈ ਤਜਰਬਾ ਦੇਖਿਆ ਸੀ, ਉਸ ਤੋਂ ਉਤਸ਼ਾਹਿਤ ਹੋ ਕੇ ਅਸੀਂ ਰਲ ਕੇ ਆਪਣੀ ਹੈਪੀ ਸੀਡਰ ਮਸ਼ੀਨ ਲਿਆਂਦੀ ਹੈ, ਇਸ ਸਾਲ ਅਸੀਂ ਪਿੰਡ ਵਿਚ 70 ਏਕੜ ਰਕਬੇ ਵਿਚ ਇਸ ਤਕਨੀਕ ਨਾਲ ਅੱਗ ਲਾਏ ਬਗੈਰ ਕਣਕ ਦੀ ਸਿੱਧੀ ਬਿਜਾਈ ਕਰ ਰਹੇ ਹਾਂ। ਇਸ ਤਕਨੀਕ ਨਾਲ ਖੇਤੀ ਖਰਚਾ ਘੱਟਦਾ ਹੈ ਅਤੇ ਬਿਜਾਈ ਵੀ ਸਮੇਂ ਸਿਰ ਹੋ ਜਾਂਦੀ ਹੈ । 
ਇਸ ਸਮੇਂ ਖੇਤੀ ਅਧਿਕਾਰੀਆਂ ਨੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਏ ਬਗੈਰ ਬਿਜਾਈ ਲਈ ਸ਼ਲਾਘਾ ਕਰਦਿਆਂ ਕਿਸਾਨਾਂ ਨੂੰ ਸਮੇਂ ਦੀਆਂ ਹਾਣੀ ਤਕਨੀਕਾਂ ਨੂੰ ਅਪਨਾਉਣ ਲਈ ਕਿਹਾ । ਉਨ੍ਹਾਂ ਦੱਸਿਆ ਕਿ ਵਿਗਿਆਨੀਆਂ ਅਨੁਸਾਰ ਇਕ ਏਕੜ ਦੀ ਪਰਾਲੀ ਨੂੰ ਜ਼ਮੀਨ ਦੀ ਤਹਿ 'ਤੇ ਛੱਡੀਏ ਤਾਂ ਅੰਦਾਜ਼ਨ 18 ਕਿਲੋ ਜੈਵਿਕ ਨਾਈਟਰੋਜਨ, 8 ਕਿਲੋ ਫਾਸਫੋਰਸ, 4 ਕਿਲੋ ਸਲਫਰ, 80 ਕਿਲੋ ਪੋਟਾਸ਼ ਅਤੇ 1300 ਕਿਲੋ ਕਾਰਬਨ ਜ਼ਮੀਨ ਵਿਚ ਵਾਪਸ ਚਲੇ ਜਾਂਦੇ ਹਨ, ਇਸ ਲਈ ਜ਼ਮੀਨ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਪਰਾਲੀ ਨੂੰ ਖੇਤ ਵਿਚ ਹੀ ਸਾਂਭਣਾ ਜ਼ਰੂਰੀ ਹੈ । ਖੇਤੀਬਾੜੀ ਵਿਕਾਸ ਅਫਸਰ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਮਸ਼ੀਨ ਨਾਲ ਬਿਜਾਈ ਕਰ ਕੇ ਨਦੀਨਨਾਸ਼ਕ ਦਵਾਈਆਂ 'ਤੇ ਖਰਚਾ ਘਟਾਇਆ ਜਾ ਸਕਦਾ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ ਕਲੋਰੋਪੈਰੀਫਾਸ ਅਤੇ ਉੱਲੀਨਾਸ਼ਕ ਦਵਾਈਆਂ ਨਾਲ ਸੋਧ ਲੈਣਾ ਚਾਹੀਦਾ ਹੈ ।
ਇਸ ਮੌਕੇ ਫੀਲਡ ਵਰਕਰ ਨਿਸ਼ਾਨ ਸਿੰਘ, ਮਲਕੀਤ ਸਿੰਘ, ਪਲਵਿੰਦਰ ਸਿੰਘ, ਅਮਨਦੀਪ ਸਿੰਘ, ਜਸਦੀਪ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ।


Related News