ਹੈਲਥ ਵਰਕਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਪੁਤਲਾ ਫੂਕ ਪ੍ਰਦਰਸ਼ਨ

06/26/2017 2:20:10 AM

ਹੁਸ਼ਿਆਰਪੁਰ, (ਘੁੰਮਣ)- ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਬੇਰੋਜ਼ਗਾਰ ਹੈਲਥ ਵਰਕਰਾਂ ਵੱਲੋਂ ਅੱਜ ਜ਼ਿਲਾ ਪ੍ਰ੍ਰਧਾਨ ਨਵਦੀਪ ਸ਼ਰਮਾ ਦੀ ਅਗਵਾਈ 'ਚ ਪੰਜਾਬ ਸਰਕਾਰ ਵਿਰੁੱਧ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ 1263 ਆਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਸਬੰਧੀ ਦਸੰਬਰ 2016 'ਚ ਲਿਖਤੀ ਪ੍ਰੀਖਿਆ ਲੈਣ ਮਗਰੋਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਉਮੀਦਵਾਰਾਂ ਦੇ ਕਾਗਜ਼ਾਂ ਦੀ ਜਾਂਚ ਪੜਤਾਲ ਵੀ ਪੂਰੀ ਕਰ ਲਈ ਗਈ ਸੀ। ਮੌਜੂਦਾ ਸਰਕਾਰ ਜਿਹੜੀ ਕਿ ਸੱਤਾ 'ਤੇ ਕਾਬਜ਼ ਹੋਈ ਹੈ, ਨੇ ਅੱਜ ਤੱਕ ਤਿੰਨ ਮਹੀਨੇ ਬੀਤਣ ਮਗਰੋਂ ਵੀ ਉਮੀਦਵਾਰਾਂ ਨੂੰ ਜੁਆਇਨ ਨਹੀਂ ਕਰਵਾਇਆ, ਭਾਵੇਂ ਕਿ 23 ਅਪ੍ਰੈਲ ਨੂੰ ਸੂਬਾ ਪੱਧਰੀ ਰੈਲੀ ਤੋਂ ਪਹਿਲਾਂ 20 ਅਪ੍ਰੈਲ ਨੂੰ 919 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਸੀ। ਪਰ ਸਰਕਾਰ ਤੇ ਮਹਿਕਮੇ ਦੀ ਢਿੱਲੀ ਪੈਰਵੀ ਕਰ ਕੇ ਯੋਗ ਉਮੀਦਵਾਰਾਂ ਦੇ ਜੁਆਇਨ ਕਰਨ 'ਚ ਦੇਰੀ ਹੋ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 919 ਪਹਿਲੀ ਸੂਚੀ ਵਾਲੇ ਬੇਰੋ²ਜ਼ਗਾਰ ਹੈਲਥ ਵਰਕਰਾਂ ਨੂੰ ਤੁਰੰਤ ਜੁਆਇਨ ਕਰਵਾਇਆ ਜਾਵੇ ਤੇ ਇਤਰਾਜ਼ਾਂ ਵਾਲੀ 105 ਉਮੀਦਵਾਰਾਂ ਦੀ ਸੂਚੀ ਤੁਰੰਤ ਜਾਰੀ ਕੀਤੀ ਜਾਵੇ। 
ਬਾਕੀ ਰਹਿੰਦੇ ਉਮੀਦਵਾਰਾਂ ਦੀ ਵੀ ਲਿਸਟ ਜਾਰੀ ਕੀਤੀ ਜਾਵੇ ਅਤੇ ਖਾਲੀ ਪਈਆਂ ਸਾਰੀਆਂ ਆਸਾਮੀਆਂ ਨੂੰ ਚਾਲੂ ਭਰਤੀ ਪ੍ਰਕਿਰਿਆ 'ਚ ਵਾਧਾ ਕਰ ਕੇ ਭਰਿਆ ਜਾਵੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ 15 ਜੁਲਾਈ ਤੱਕ ਉਪਰੋਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ 16 ਜੁਲਾਈ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਪਟਿਆਲਾ ਵਿਖੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਭਾਟੀਆ, ਨਵਦੀਪ ਸਿੰਘ, ਵਿਜੇ ਕੁਮਾਰ, ਮਨਜੀਤ ਸਿੰਘ, ਮਹਿੰਦਰਪਾਲ ਸਿੰਘ, ਸ਼ਿਵ ਕੁਮਾਰ, ਉਂਕਾਰ ਸਿੰਘ, ਅਮਰਜੀਤ ਸਿੰਘ, ਕਰਮਿੰਦਰ ਸਿੰਘ, ਰਿੰਕੀ ਆਦਿ ਹਾਜ਼ਰ ਸਨ।


Related News