ਸਿਹਤ ਵਿਭਾਗ ਨੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਭਰੇ

10/17/2017 6:51:49 AM

ਫਤਿਹਗੜ੍ਹ ਸਾਹਿਬ(ਬਖਸ਼ੀ)-ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਦੀਆਂ ਹਦਾਇਤਾਂ ਅਨੁਸਾਰ ਫਤਿਹਗੜ੍ਹ ਸਾਹਿਬ ਜ਼ਿਲੇ ਦੀਆਂ ਵੱਖ-ਵੱਖ ਥਾਵਾਂ 'ਤੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਭਰੇ ਜਾ ਰਹੇ ਹਨ। ਅੱਜ ਸਿਹਤ ਵਿਭਾਗ ਦੀ ਫੂਡ ਟੀਮ ਵੱਲੋਂ ਬੱਸੀ ਪਠਾਣਾਂ ਨਜ਼ਦੀਕ ਸਰ੍ਹੋਂ ਦਾ ਤੇਲ ਪੈਕ ਕਰਨ ਵਾਲੀ ਫੈਕਟਰੀ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਫੈਕਟਰੀ ਦੇ ਮਾਲਕ ਨੂੰ ਸਾਫ-ਸਫਾਈ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਤੇਲ ਦੇ ਸੈਂਪਲ ਵੀ ਭਰੇ ਗਏ। ਇਸ ਤੋਂ ਇਲਾਵਾ ਉਕਤ ਟੀਮ ਵੱਲੋਂ ਮਠਿਆਈਆਂ ਬਣਾਉਣ ਵਾਲੀਆਂ ਵਰਕਸ਼ਾਪਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਘਟੀਆ ਅਤੇ ਬਾਸੀ ਸਾਮਾਨ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ ਅਤੇ ਮਿਲਾਵਟ ਚੈੱਕ ਕਰਨ ਲਈ ਮਠਿਆਈਆਂ ਦੇ ਸੈਂਪਲ ਵੀ ਭਰ ਕੇ ਲੈਬਾਰਟਰੀ ਜਾਂਚ ਲਈ ਭੇਜੇ ਗਏ। ਸਿਵਲ ਸਰਜਨ ਡਾ. ਸੋਢੀ ਨੇ ਦੱਸਿਆ ਕਿ ਤਿਉਹਾਰਾਂ ਦੌਰਾਨ ਹੁਣ ਤੱਕ ਪੂਰੇ ਜ਼ਿਲੇ 'ਚੋਂ 68 ਖਾਣ-ਪੀਣ ਦੀਆਂ ਵਸਤੂਆਂ ਦੁੱਧ, ਖੋਇਆ, ਮਠਿਆਈਆਂ, ਤੇਲ, ਦੇਸੀ ਘਿਉ ਆਦਿ ਦੇ ਸੈਂਪਲ ਭਰੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 24 ਸੈਂਪਲਾਂ ਦੀ ਰਿਪੋਰਟ ਲੈਬਾਰਟਰੀ 'ਚੋਂ ਆ ਚੁੱਕੀ ਹੈ, ਜਿਨ੍ਹਾਂ ਵਿਚੋਂ 9 ਸੈਂਪਲ ਫੇਲ ਪਾਏ ਗਏ ਹਨ ਅਤੇ ਫੇਲ ਹੋਏ ਸੈਂਪਲਾਂ ਨਾਲ ਸਬੰਧਿਤ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਨੋਟਿਸਾਂ ਦਾ ਜਵਾਬ ਆਉਣ 'ਤੇ ਕੋਰਟ ਕੇਸ ਦਾਇਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਫ-ਸੁਥਰਾ ਸਾਮਾਨ ਹੀ ਵੇਚਣ ਅਤੇ ਸਾਮਾਨ ਢੱਕ ਕੇ ਰੱਖਣ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਕਰਦਾ ਹੈ ਤਾਂ ਉਸ ਸਬੰਧੀ ਤੁਰੰਤ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇ। ਇਸ ਫੂਡ ਟੀਮ ਵਿਚ ਸਹਾਇਕ ਕਮਿਸ਼ਨਰ ਫੂਡ ਮੈਡਮ ਅਦਿਤੀ ਗੁਪਤਾ, ਫੂਡ ਸੇਫਟੀ ਅਫਸਰ ਜਸਪਿੰਦਰ ਕੌਰ ਔਜਲਾ ਸ਼ਾਮਲ ਸਨ। 


Related News