ਗੁਰਦਾਸਪੁਰ ''ਚ ਗੈਂਗਵਾਰ, ਸੁੱਖਾ ਕਾਹਲਵਾਂ ਵਾਂਗ ਮਾਰਿਆ ਹਰਪ੍ਰੀਤ

Friday, April 21, 2017 5:06 PM

ਗੁਰਦਾਸਪੁਰ, (ਵਿਨੋਦ, ਦੀਪਕ) - ਪਿੰਡ ਕੋਠੇ ਘੁਰਾਲਾ ਨੇੜੇ ਹੋਈ ਗੈਂਗਵਾਰ ''ਚ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ। ਇਕ ਜ਼ਖਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਮਲਾਵਰਾਂ ''ਚ ਵਿੱਕੀ ਗੌਂਡਰ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਗੌਂਡਰ ਪਿਛਲੇ ਸਾਲ ਨਾਭਾ ਜੇਲ ''ਚੋਂ ਸਾਥੀਆਂ ਸਮੇਤ ਫਰਾਰ ਹੋ ਗਿਆ ਸੀ। ਉਸ ਦੇ ਕਈ ਸਾਥੀ ਫੜੇ ਜਾ ਚੁੱਕੇ ਹਨ, ਜਦਕਿ ਜੇਲ ਬ੍ਰੇਕਕਾਂਡ ਤੋਂ ਬਾਅਦ ਪਹਿਲੀ ਵਾਰ ਗੌਂਡਰ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਫਗਵਾੜਾ ''ਚ 22 ਜਨਵਰੀ 2015 ਨੂੰ ਸੁੱਖਾ ਕਾਹਲਵਾਂ ਹੱਤਿਆਕਾਂਡ ਦੀ ਤਰ੍ਹਾਂ ਅੰਜਾਮ ਦਿੱਤਾ ਗਿਆ।
ਹਰਪ੍ਰੀਤ ਸਿੰਘ ਉਰਫ ਹੈਪੀ ਉਰਫ ਸੂਬੇਦਾਰ ਪੁੱਤਰ ਸੁਲੱਖਣ ਸਿੰਘ ਵਾਸੀ ਮੁਸਤਫਾਬਾਦ ਆਪਣੇ ਸਾਥੀਆਂ ਸੁਲੱਖਣ ਸਿੰਘ ਉਰਫ਼ ਲਾਡੀ ਪੁੱਤਰ ਪ੍ਰੇਮ ਸਿੰਘ ਵਾਸੀ ਸੰਗਲਪੁਰਾ ਰੋਡ, ਦਮਨ ਮਹਾਜਨ ਪੁੱਤਰ ਵਿਜੇ ਮਹਾਜਨ ਵਾਸੀ ਹਰਦੋਛੰਨੀ ਰੋਡ ਗੁਰਦਾਸਪੁਰ, ਹੈਪੀ ਪੁੱਤਰ ਗੁਰਦੇਵ ਸਿੰਘ ਵਾਸੀ ਪੁਲ ਤਿੱਬੜੀ ਅਤੇ ਪ੍ਰਿੰਸ ਵਾਸੀ ਪਿੰਡ ਝਾਵਰ ਨਾਲ ਕਾਰ ''ਚ ਅਦਾਲਤ ''ਚ ਚੱਲ ਰਹੇ ਕੇਸ ਸੰਬੰਧੀ ਪੇਸ਼ੀ ਭੁਗਤ ਕੇ ਵਾਪਸ ਜਾ ਰਹੇ ਸਨ ਕਿ ਗੁਰਦਾਸਪੁਰ ਬਾਈਪਾਸ ''ਤੇ ਪਿੰਡ ਕੋਠੇ ਘੁਰਾਲਾ ਦੇ ਕੋਲ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਰੋਕ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਪਰੰਤ ਮੁਲਜ਼ਮ ਜਾਂਦੇ ਸਮੇਂ ਕਾਰ ''ਚ ਸਵਾਰ ਪ੍ਰਿੰਸ ਨੂੰ ਆਪਣੇ ਨਾਲ ਲੈ ਗਏ, ਜਿਸ ਨੂੰ ਅੱਗੇ ਜਾ ਕੇ ਛੱਡ ਦਿੱਤਾ। ਸੂਚਨਾ ਮਿਲਦਿਆਂ ਹੀ ਬਾਰਡਰ ਰੇਂਜ ਦੇ ਆਈ. ਜੀ. ਨੌਨਿਹਾਲ ਸਿੰਘ ਵੀ ਗੁਰਦਾਸਪੁਰ ਪਹੁੰਚ ਗਏ। ਹਮਲੇ ''ਚ ਸ਼ਾਮਲ 5 ਮੁਲਜ਼ਮਾਂ ਦੀ ਪਛਾਣ ਹੋ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਸ ਮੁਖੀ ਭੁਪਿੰਦਰ ਸਿੰਘ ਵਿਰਕ ਸਮੇਤ ਪੁਲਸ ਫੋਰਸ ਮੌਕੇ ''ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਪਰ ਡਾਕਟਰਾਂ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਸੁਲੱਖਣ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜ਼ਖ਼ਮੀ ਦਮਨ ਮਹਾਜਨ, ਹੈਪੀ ਅਤੇ ਪ੍ਰਿੰਸ ਨੂੰ ਇਲਾਜ ਲਈ ਦਾਖ਼ਲ ਕਰ ਲਿਆ ਹੈ ਪਰ ਹੈਪੀ ਵਾਸੀ ਪੁਲ ਤਿੱਬੜੀ ਦੀ ਹਾਲਤ ਚਿੰਤਾਜਨਕ ਹੋਣ ਦੇ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਦਕਿ ਹੋਰ ਦੋ ਨੂੰ ਫਸਟ ਏਡ ਦੇ ਕੇ ਛੁੱਟੀ ਦੇ ਦਿੱਤੀ ਗਈ ਹੈ। ਗੈਂਗਵਾਰ ''ਚ ਤਿੱਬੜ ਪੁਲਸ ਨੇ 5 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਜਿਨ੍ਹਾਂ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ''ਚ ਵਿੱਕੀ ਗੌਂਡਰ, ਸੁੱਖਾ ਸ਼ਿਕਾਰ ਮਾਛੀਆਂ, ਹੈਰੀ ਚੱਢਾ, ਹੈਪੀ ਤੇ ਗਿਆਨਾ ਵਾਸੀ ਖਰਲ ਸ਼ਾਮਲ ਹਨ। ਇਹ ਸਾਰੇ ਮੁਲਜ਼ਮ ਪੁਲਸ ਨੂੰ ਪਹਿਲਾਂ ਹੀ ਕਈ ਕੇਸਾਂ ''ਚ ਲੋੜੀਂਦੇ ਹਨ। ਇਨ੍ਹਾਂ ਵਿਰੁੱਧ ਕਈ ਮੁਕੱਦਮੇ ਚੱਲ ਰਹੇ ਹਨ। ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!