ਕਿਸਾਨਾਂ ਨੂੰ ਹੱਕ ਦਿਵਾਉਣ ਲਈ ਮੈਂ ਸਰਕਾਰੀ ਦਫਤਰਾਂ ਦੀਆਂ ਪੌੜੀਆਂ ਘਸਾ ਦਿੱਤੀਆਂ : ਹਰਿੰਦਰਪਾਲ ਚੰਦੂਮਾਜਰਾ

10/17/2017 11:34:00 AM

ਪਟਿਆਲਾ (ਬਲਜਿੰਦਰ)-ਕਿਸਾਨਾਂ ਨੂੰ ਗੜੇਮਾਰੀ ਦਾ ਮੁਆਵਜ਼ਾ ਦਿਵਾਉਣ ਲਈ ਵਿਧਾਨ ਵਿਚ ਸਵਾਲ ਉਠਾਉਣ ਵਾਲੇ ਅਤੇ ਬਾਅਦ ਵਿਚ ਇਸ ਦੀ ਜ਼ਿਲਾ ਪ੍ਰਸ਼ਾਸਨ ਅਤੇ ਚੰਡੀਗੜ੍ਹ 'ਚ ਅਫਸਰਾਂ ਕੋਲ ਜਾ ਕੇ ਪੈਰਵੀ ਕਰਨ ਵਾਲੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਗੜੇਮਾਰੀ ਦੇ ਖਰਾਬੇ ਦੇ ਪੈਸੇ ਦਿਵਾਉਣ ਲਈ ਸਰਕਾਰੀ ਦਫਤਰਾਂ ਦੀਆਂ ਪੌੜੀਆਂ ਘਸਾ ਦਿੱਤੀਆਂ ਹਨ। ਪਹਿਲਾਂ ਕਿਸਾਨਾਂ ਨੂੰ ਹੱਕ ਦਿਵਾਉਣ ਲਈ ਵਿਧਾਨ ਸਭਾ ਵਿਚ ਆਵਾਜ਼ ਉਠਾਈ। ਫਿਰ ਸਰਕਾਰ ਤੋਂ ਜਵਾਬ ਮੰਗਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਮੁਲਾਕਾਤ ਕੀਤੀ ਅਤੇ ਸਬੰਧਤ ਅਧਿਕਾਰੀਆਂ ਦੇ ਕੋਲ ਪੈਰਵੀ ਕੀਤੀ।
ਹੈਰਾਨੀ ਉਦੋਂ ਹੋਈ ਜਦੋਂ ਸਰਕਾਰ ਵੱਲੋਂ ਪੈਸੇ ਜਾਰੀ ਕਰਨ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਵੱਲੋਂ ਪੈਸੇ ਕਿਸਾਨਾਂ ਨੂੰ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਤਾਂ ਦੁਰ ਦੀ ਗੱਲ, ਮੁੱਖ ਮੰਤਰੀ ਦੇ ਆਪਣੇ ਜ਼ਿਲੇ ਵਿਚ ਹੀ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਕਰੋੜਾਂ ਰੁਪਏ ਦੀ ਫਸਲ ਦਾ ਨੁਕਸਾਨ ਉਠਾਉਣ ਵਾਲੇ ਕਿਸਾਨ ਅੱਜ ਵੀ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਨੇ ਹੁਣ ਵੀ ਪੈਸੇ ਜਾਰੀ ਨਾ ਕੀਤੇ ਤਾਂ ਉਹ ਕਿਸਾਨਾਂ ਨੂੰ ਨਾਲ ਲੈ ਕੇ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ।


Related News