ਸੱਜਣ ਦੇ ਪਿੰਡ ਦੇ ਲੋਕਾਂ ਦੀ ਇਹ ਖਬਰ ਸੁਣ ਟੁੱਟੀ ਆਸ

04/18/2017 3:25:51 PM

ਹੁਸ਼ਿਆਰਪੁਰ/ਕੈਨੇਡਾ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਭਾਰਤ ਪਹੁੰਚ ਚੁੱਕੇ ਹਨ ਪਰ ਉਨ੍ਹਾਂ ਦੇ ਜਾਰੀ ਹੋਏ ਰੂਟ ਪਲਾਨ ''ਚ ਉਨ੍ਹਾਂ ਦੇ ਜੱਦੀ ਪਿੰਡ ਦਾ ਹੀ ਜ਼ਿਕਰ ਨਹੀਂ ਹੈ। ਇਸ ਮੁਤਾਬਕ ਹਰਜੀਤ ਸਿੰਘ ਸੱਜਣ ਆਪਣੇ ਪਿੰਡ ਬੰਬੇਲੀ ਨਹੀਂ ਆ ਰਹੇ। ਸੱਜਣ ਦੇ ਪਿਤਾ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਪਣੇ ਪਿੰਡ ਵਾਪਸ ਆਏ ਸਨ ਅਤੇ ਉਨ੍ਹਾਂ ਸੱਜਣ ਨੂੰ ਘਰ ਆਉਣ ਦਾ ਸੱਦਾ ਦਿੱਤਾ ਸੀ। ਪਿੰਡ ਵਾਲਿਆਂ ਨੂੰ ਆਸ ਹੋ ਗਈ ਸੀ ਕਿ ਸੱਜਣ ਬੰਬੇਲੀ ਜ਼ਰੂਰ ਆਉਣਗੇ। ਇਸ ਲਈ ਪਿੰਡ ''ਚ ਤਿਆਰੀਆਂ ਸ਼ੁਰੂ ਹੋ ਗਈਆਂ ਸਨ। 
ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਪਿੰਡ ਦੀਆਂ ਲਿੰਕ ਰੋਡਜ਼ ਤਿਆਰ ਕੀਤੀਆਂ ਜਾ ਰਹੀਆਂ ਸਨ। ਸੜਕ ''ਤੇ ਪੱਥਰ ਪਾ ਦਿੱਤਾ ਗਿਆ ਸੀ ਪਰ ਉਨਾਂ ਦੇ ਨਾ ਆਉਣ ਦੀ ਖਬਰ ਮਿਲਦਿਆਂ ਹੀ ਇਹ ਨਿਰਮਾਣ ਕਾਰਜ ਰੋਕ ਦਿੱਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕ ''ਤੇ ਪਏ ਇਹ ਪੱਥਰ ਹੁਣ ਪਿੰਡ ਲਈ ਮੁਸੀਬਤ ਬਣਨ ਜਾ ਰਹੇ ਹਨ। ਪਿੰਡ ਵਾਲਿਆਂ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਦੇ ਕੋਲ ਪ੍ਰੋਗਰਾਮ ਦੀਆਂ ਤਿਆਰੀਆਂ ਹੋ ਰਹੀਆਂ ਸਨ ਪਰ ਹੁਣ ਉਨ੍ਹਾਂ ਦੇ ਰੂਟ ਪਲਾਨ ਕਾਰਨ ਸਾਰੀਆਂ ਤਿਆਰੀਆਂ ਰੁਕ ਗਈਆਂ ਹਨ। 
ਸੱਜਣ ਦੇ ਰੂਟ ਪਲਾਨ ਮੁਤਾਬਕ ਉਹ 18 ਅਪ੍ਰੈਲ ਤਕ ਦਿੱਲੀ ਰਹਿਣਗੇ। ਇਸ ਮਗਰੋਂ 19 ਅਪ੍ਰੈਲ ਨੂੰ ਅੰਮ੍ਰਿਤਸਰ ਪੁੱਜਣਗੇ। 20 ਅਪ੍ਰੈਲ ਨੂੰ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਅਤੇ ਫਿਰ ਜਲੰਧਰ ਤੋਂ ਹੁੰਦੇ ਹੋਏ ਚੰਡੀਗੜ੍ਹ ਜਾਣਗੇ। ਉੱਥੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਇਸ ਮਗਰੋਂ ਦੇਰ ਸ਼ਾਮ ਨੂੰ ਮੁੰਬਈ ਲਈ ਰਵਾਨਾ ਹੋ ਜਾਣਗੇ। ਇਸ ''ਚ ਪਿੰਡ ਬੰਬੇਲੀ ਜਾਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ।

Related News