ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ''ਚ ਪਿੰਡ ਦੀਆਂ ਕੰਧਾਂ ''ਤੇ ਲਿਖ ਕੇ ਦੋਸ਼ੀ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

12/11/2017 6:36:19 PM

ਨੂਰਪੁਰਬੇਦੀ (ਭੰਡਾਰੀ)— ਕਰੀਬ ਸਾਲ ਪਹਿਲਾਂ ਬਲਾਕ ਦੇ ਪਿੰਡ ਸਮੀਰੋਵਾਲ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਐਤਵਾਰ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਪਿੰਡ ਦੀਆਂ ਕੰਧਾਂ 'ਤੇ ਸਿਆਹੀ ਨਾਲ ਲਿਖ ਕੇ ਅਤੇ ਵੱਖ-ਵੱਖ ਥਾਈਂ ਪੋਸਟਰਾਂ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਕਾਰਨ ਸਨਸਨੀ ਫੈਲ ਗਈ। ਇਸ ਸੰਵੇਦਨਸ਼ੀਲ ਮਾਮਲੇ ਕਾਰਨ ਜਿੱਥੇ ਸਮੁੱਚਾ ਪੁਲਸ ਪ੍ਰਸਾਸ਼ਨ ਪੱਬਾਂ ਭਾਰ ਹੋਇਆ ਪਿਆ ਹੈ, ਉਥੇ ਹੀ ਲੋਕਾਂ 'ਚ ਵੀ ਡਰ 'ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। 

PunjabKesari
ਜ਼ਿਕਰਯੋਗ ਹੈ ਕਿ ਨਜ਼ਦੀਕੀ ਪਿੰਡ ਸਮੀਰੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਕਰੀਬ ਇਕ ਸਾਲ ਪਹਿਲਾਂ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਸਥਾਨਕ ਪੁਲਸ ਨੇ ਜਸਵੀਰ ਸਿੰਘ ਪੁੱਤਰ ਬਖਤਾਵਰ ਸਿੰਘ 'ਤੇ 7 ਦਸੰਬਰ 2016 ਨੂੰ ਆਈ. ਪੀ. ਸੀ. ਦੀ ਧਾਰਾ 295 ਏ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਮਾਮਲੇ 'ਚ ਕਰੀਬ 2 ਮਹੀਨੇ ਜ਼ੇਲ 'ਚ ਰਹਿਣ ਤੋਂ ਬਾਅਦ ਹੁਣ ਉਕਤ ਕਥਿਤ ਦੋਸ਼ੀ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰਨ ਲਈ ਜਸਟਿਸ ਰਣਜੀਤ ਸਿੰਘ 'ਤੇ ਆਧਾਰਿਤ ਬਣਾਏ ਗਏ ਜ਼ਾਂਚ ਕਮਿਸ਼ਨ ਦੇ ਮੈਂਬਰਾਂ ਨੇ 3 ਕੁ ਦਿਨ ਪਹਿਲਾਂ ਹੀ ਉਕਤ ਪਿੰਡ 'ਚ ਪਹੁੰਚ ਕੇ ਇਸ ਬੇਅਦਬੀ ਦੇ ਮਾਮਲੇ ਸਬੰਧੀ ਪਿੰਡ 'ਚ ਪੁੱਛਗਿੱਛ ਵੀ ਕੀਤੀ ਸੀ ਪਰ ਬੀਤੀ ਰਾਤ ਉਕਤ ਸਮੁੱਚੇ ਪਿੰਡ ਦੀਆਂ ਕੰਧਾਂ ਅਤੇ ਟਿਊਬਵੈੱਲਾਂ ਦੀਆਂ ਕੰਧਾਂ ਸਮੇਤ ਕਈ ਸਥਾਨਾਂ 'ਤੇ ਸਿਆਹੀ ਨਾਲ ਲਿਖ ਕੇ ਅਤੇ ਪੋਸਟਰ ਚਿਪਕਾ ਕੇ ਉਕਤ ਕਥਿਤ ਦੋਸ਼ੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਸ ਦੇ ਘਰ ਦੇ ਮੁੱਖ ਦਰਵਾਜ਼ੇ ਨੂੰ ਵੀ ਅੱਗ ਲਗਾ ਦਿੱਤੀ ਗਈ। ਮਗਰ ਦਰਵਾਜ਼ਾ ਟੀਨ ਦਾ ਹੋਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ। ਇਸ ਸਮੁੱਚੇ ਘਟਨਾਕ੍ਰਮ ਦੀ ਭਿਣਕ ਲੱਗਦੇ ਹੀ ਸੋਮਵਾਰ ਸਵੇਰੇ ਸਥਾਨਕ ਥਾਣਾ ਮੁਖੀ ਕੁਲਵੀਰ ਸਿੰਘ ਕੰਗ ਪੁਲਸ ਫੋਰਸ ਲੈ ਕੇ ਪਿੰਡ 'ਚ ਪਹੁੰਚੇ ਅਤੇ ਜਿਨ੍ਹਾਂ ਨੇ ਸਮੁੱਚੇ ਮਾਮਲੇ ਦੀ ਰਿਪੋਰਟ ਹਾਸਿਲ ਕੀਤੀ। ਥਾਣਾ ਮੁਖੀ ਕੰਗ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਪਿੰਡ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ। 
ਸਮੁੱਚੇ ਮਾਮਲੇ ਦੀ ਡੂੰਘਾਈ ਨਾਲ ਜ਼ਾਂਚ ਕੀਤੀ ਜਾਵੇਗੀ: ਡੀ. ਐੱਸ. ਪੀ.
ਇਸ ਸਬੰਧੀ ਸੰਪਰਕ ਕਰਨ 'ਤੇ ਡੀ. ਐੱਸ. ਪੀ. ਆਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਉਕਤ ਪਿੰਡ 'ਚ ਕੰਧਾਂ 'ਤੇ ਲਿਖ ਕੇ ਕਥਿਤ ਦੋਸ਼ੀ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਉਦੋਂ ਵੀ ਸਥਾਨਕ ਪੁਲਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਫਿਰ ਵੀ ਉਕਤ ਸਮੁੱਚੇ ਮਾਮਲੇ ਦੀ ਡੂੰਘਾਈ ਨਾਲ ਜ਼ਾਂਚ ਕਰਕੇ ਸੱਚ ਦਾ ਪਤਾ ਲਗਾਇਆ ਜਾਵੇਗਾ।


Related News