ਵਿਦਿਆਰਥੀਆਂ ਦੀ ਸਲਾਹ ਨਾਲ ਤਿਆਰ ਹੋਣਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਲੇਬਸ

12/12/2017 12:05:33 PM

ਅੰਮ੍ਰਿਤਸਰ (ਸੰਜੀਵ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਅਜਿਹੀ ਪਹਿਲੀ ਯੂਨੀਵਰਸਿਟੀ ਹੋਵੇਗੀ ਜੋ ਆਪਣੇ ਵਿਦਿਆਰਥੀਆਂ ਦੇ ਸਲਾਹ-ਮਸ਼ਵਰੇ ਨਾਲ ਸਿਲੇਬਸ ਤਿਆਰ ਕਰੇਗੀ। ਯੂਨੀਵਰਸਿਟੀ ਵੱਲੋਂ ਇਸ ਫੈਸਲੇ ਨੂੰ ਅਮਲੀਜਾਮਾ ਪਹਿਨਾਉਣ ਲਈ ਸਿੰਡੀਕੇਟ ਨੇ ਪ੍ਰਵਾਨਗੀ ਦੇ ਦਿੱਤੀ ਹੈ।
ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਬੋਰਡ ਆਫ ਸਟੱਡੀਜ਼ ਨੂੰ ਇਸ 'ਤੇ ਅਮਲੀ ਤੌਰ 'ਤੇ ਕੰਮ ਕਰਨ ਦੇ ਦਿੱਤੇ ਗਏ ਆਦੇਸ਼ 'ਤੇ ਕੰਮ ਵੀ ਸ਼ੁਰੂ ਹੋ ਗਿਆ ਹੈ। ਯੂਨੀਵਰਸਿਟੀ ਦੇ ਇਸ ਉਪਰਾਲੇ ਦਾ ਭਵਿੱਖ ਵਿਚ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ। ਪ੍ਰੋਫੈਸਰ ਸੰਧੂ ਨੇ ਦੱਸਿਆ ਕਿ  ਯੂਨੀਵਰਸਿਟੀ ਵਿਚ ਹੁਣ ਸਿਲੇਬਸ ਤਿਆਰ ਕਰਨ ਲਈ ਵਿਭਾਗ ਆਪਣੇ ਪਹਿਲੇ ਸਥਾਨ ਵਾਲੇ ਵਿਦਿਆਰਥੀਆਂ ਨੂੰ ਕਮੇਟੀ ਦਾ ਹਿੱਸਾ ਬਣਾਵੇਗੀ। ਇਸ ਤੋਂ ਪਹਿਲਾਂ ਸਿਰਫ ਵਿਭਾਗ ਦੇ ਮੁਖੀ ਅਤੇ ਹੋਰ ਮਾਹਿਰ ਅਧਿਆਪਕਾਂ ਵੱਲੋਂ ਹੀ ਸਿਲੇਬਸ ਤਿਆਰ ਕੀਤਾ ਜਾਂਦਾ ਸੀ ਜਿਸ ਨਾਲ ਵਿਦਿਆਰਥੀਆਂ ਨੂੰ ਭਵਿੱਖ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਵਿਦਿਆਰਥੀ ਬੋਰਡ ਆਫ ਸਟੱਡੀਜ਼ ਨੂੰ ਆਪਣੇ ਸੁਝਾਅ ਦੇਣਗੇ। ਵਿਦਿਆਰਥੀਆਂ ਨਾਲ ਬੋਰਡ ਆਫ ਸਟੱਡੀਜ਼ ਨੂੰ ਪ੍ਰੀ-ਮੀਟਿੰਗ ਕਰਨੀ ਪਵੇਗੀ ਜਿਸ ਦੀ ਰਿਪੋਰਟ ਬੋਰਡ ਆਫ ਸਟੱਡੀਜ਼ ਤਿਆਰ ਕਰ ਕੇ ਪ੍ਰਵਾਨਗੀ ਲਈ ਸਿੰਡੀਕੇਟ ਕੋਲ ਭੇਜੇਗੀ।        
ਪ੍ਰੋ. ਜਸਪਾਲ ਸਿੰਘ ਸੰਧੂ ਨੇ ਆਸ ਪ੍ਰਗਟਾਈ ਕਿ ਇਹ ਕਦਮ ਸਿੱਖਿਆ ਦੇ ਖੇਤਰ ਵਿਚ ਇਕ ਕ੍ਰਾਂਤੀਕਾਰੀ ਕਦਮ ਸਾਬਤ ਹੋਵੇਗਾ ਅਤੇ ਇਸ ਨੂੰ ਅਗਲੇ  ਵਿਦਿਅਕ ਸੈਸ਼ਨ ਤੋਂ ਲਾਗੂ ਕਰ ਦਿੱਤਾ ਜਾਵੇਗਾ। ਸਿਲੇਬਸ ਬਣਾਉਣ ਦੀ ਇਸ ਪ੍ਰਕਿਰਿਆ ਦੀ ਉੱਚ ਸਿੱਖਿਆ ਮਾਹਿਰਾਂ, ਸਨਅਤਕਾਰਾਂ ਵੱਲੋਂ ਇਸ ਫੈਸਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। 
ਇਸੇ ਤਰ੍ਹਾਂ ਪੀ. ਐੱਚ. ਡੀ. ਦੇ ਵਿਦਿਆਰਥੀਆਂ ਨੂੰ ਹੁਣ ਦੇਸ਼ ਦੇ ਕਿਸੇ ਵੀ ਕੋਨੇ ਦੀਆਂ ਦੂਸਰੀਆਂ ਯੂਨੀਵਰਸਿਟੀਆਂ ਦੇ ਉੱਘੇ ਵਿਸ਼ਾਂ ਮਾਹਿਰਾਂ ਦੇ ਸਨਮੁਖ ਆਪਣੀ ਖੋਜ ਬਾਰੇ ਜਾਣਕਾਰੀ ਦੇਣੀ ਪਵੇਗੀ ਅਤੇ ਸਿੰਡੀਕੇਟ ਨੇ ਇਸ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਵਾਨਗੀ ਅਨੁਸਾਰ ਹੁਣ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਤੋਂ ਇਲਾਵਾ ਸਾਰੇ ਭਾਰਤ ਵਿਚੋਂ ਮਾਹਿਰਾਂ ਦੀ ਚੋਣ ਕੀਤੀ ਜਾਵੇਗੀ ਜਿਨ੍ਹਾਂ ਦੀ ਇਕ ਮੈਰਿਟ ਬਣੇਗੀ ਜਿਸ ਦੇ ਅੱਗੇ ਖੋਜਾਰਥੀ ਨੂੰ ਆਪਣੀ ਖੋਜ ਬਾਰੇ ਆਪਣੀ ਜਾਣਕਾਰੀ ਦੇਣੀ ਪਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੀ.ਐੱਚ.ਡੀ. ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਖੋਜ ਦਾ ਲਾਭ ਲੈਣ ਦੇ ਮਕਸਦ ਲਈ ਇਹ ਫੈਸਲਾ ਕੀਤਾ ਗਿਆ ਹੈ।


Related News