ਹੁਣ ਗੁਰਪ੍ਰੀਤ ਵੜੈਚ ਨੇ ਵੀ ਕੱਢਿਆ ਮੰਨ ਦਾ ਗੁਬਾਰ

04/29/2017 2:20:24 PM

ਚੰਡੀਗੜ੍ਹ — ਆਮ ਆਦਮੀ ਪਾਰਟੀ ਨੂੰ ਮਿਲ ਰਹੀ ਇਕ ਤੋਂ ਬਾਅਦ ਇਕ ਹਾਰ ਕਾਰਨ ਪੰਜਾਬ ''ਚ ''ਆਪ'' ਦਾ ਕਲੇਸ਼ ਹੋਰ ਵੱਧ ਗਿਆ ਹੈ। ''ਆਪ'' ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਐੱਚ. ਐੱਸ. ਫੂਲਕਾ ਵਲੋਂ ਹਾਰ ਦੇ ਕੀਤੇ ਖੁਲਾਸੇ ਤੋਂ ਬਾਅਦ ਹੁਣ ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਵੀ ਪਾਰਟੀ ਹਾਈਕਮਾਨ ਦੇ ਵਿਰੋਧ ''ਚ ਖੁੱਲ੍ਹ ਕੇ ਸਾਹਮਣੇ ਆਏ ਹਨ। ਦੂਜੇ ਪਾਸੇ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਤੇ ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ ਵਲੋਂ ਆਪਣੇ ਅਸਤੀਫੇ ਸੌਂਪੇ ਜਾਣ ਕਾਰਨ ''ਆਪ'' ''ਚ ਲਾਵਾਰਸੀ ਦਾ ਮਾਹੌਲ ਪੈਦਾ ਹੋ ਗਿਆ ਹੈ। 
 
ਵੜੈਚ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਉਨ੍ਹਾਂ ਨਾਲ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਲਈ ਅੱਜ ਤਕ ਸੰਪਰਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 11 ਮਾਰਚ ਚੋਣ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੀ ਮਹਿਜ਼ ਇਕ ਵਾਰ ਹੀ ਪਾਰਟੀ ਸੁਪਰੀਮੋ ਨਾਲ ਕੁਝ ਮਿੰਟਾਂ ਲਈ ਹੀ ਮੁਲਾਕਾਤ ਹੋਈ। ਉਨ੍ਹਾਂ ਕਿਹਾ ਕਿ ਪਾਰਟੀ ਲਈ ਕਈ ਮਹੀਨੇ ਦਿਨ-ਰਾਤ ਕੰਮ ਕਰਦੇ ਰਹੇ ਵਾਲੰਟੀਅਰਾਂ ''ਚ ਇਸ ਵੇਲੇ ਭਾਰੀ ਮਾਯੂਸੀ ਦਾ ਦੌਰ ਚਲ ਰਿਹਾ ਹੈ ਪਰ ਕੌਮੀ ਆਗੂਆਂ ਵਲੋਂ ਅਣਕਿਆਸੀ ਹਾਰ ਬਾਰੇ ਕੋਈ ਚਰਚਾ ਨਾ ਕਰਨ ਕਰ ਕੇ ਵੱਡਾ ਭੰਬਲਭੂਸਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਲੋਂ ਲਾਏ ਗਏ ਦੋਸ਼ਾਂ ਤੋਂ ਲਗਦਾ ਹੈ ਕਿ ਉਹ ਇਸ ਮਾਹੌਲ ''ਚ ਘੁਟਣ ਮਹਿਸੂਸ ਕਰ ਰਹੇ ਹਨ। ਇਸੇ ਤਰ੍ਹਾਂ ਵੱਖ-ਵੱਖ ਆਗੂ ਹਾਰ ਦੇ ਕਾਰਨਾਂ ਬਾਰੇ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਉਥੇ ਹੀ ਪਾਰਟੀ ਕਨਵੀਨਰ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ''ਤੇ ਫਿਲਹਾਲ ਕੁਝ ਵੀ ਕਹਿਣ ਦੀ ਹਾਲਤ ''ਚ ਨਹੀਂ ਹਨ।
ਵੜੈਚ ਨੇ ਕਿਹਾ ਕਿ ਉਹ ਖੁਦ ਦੁਬਿਧਾ ''ਚ ਫਸ ਚੁੱਕੇ ਹਨ ਕਿਉਂਕਿ ਵਾਲੰਟੀਅਰ ਉਨ੍ਹਾਂ ਵੱਲ ਵੇਖ ਰਹੇ ਹਨ ਪਰ ਹਾਈਕਮਾਨ ਵਲੋਂ ਉਨ੍ਹਾਂ ਨੂੰ ਕੋਈ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਜਾ ਰਹੇ ਤੇ ਪਾਰਟੀ ਨੂੰ ਬਚਾਉਣ ਲਈ ਵਾਲੰਟੀਅਰਾਂ ਨੂੰ ਤੁਰੰਤ ਨਿਰਾਸ਼ਾ ''ਚੋਂ ਕੱਢਣ ਦੀ ਜ਼ਰੂਰਤ ਹੈ। 
ਇਸੇ ਦੌਰਾਨ ਦੁਰਗੇਸ਼ ਪਾਠਕ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 11 ਮਾਰਚ ਪੰਜਾਬ ਦੇ ਚੋਣ ਨਤੀਜਿਆਂ ਤੋਂ ਬਾਅਦ ਹੀ ਉਨ੍ਹਾਂ ਅਤੇ ਸੰਜੇ ਸਿੰਘ ਨੇ ਕੇਜਰੀਵਾਲ ਨੂੰ ਅਸਤੀਫੇ ਸੌਂਪ ਦਿੱਤੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਨਗਰ ਨਿਗਮ ਚੋਣਾਂ ਕਾਰਨ ਉਨ੍ਹਾਂ ਦੇ ਅਸਤੀਫਿਆਂ ਦਾ ਜਨਤਕ ਤੌਰ ''ਤੇ ਜ਼ਿਕਰ ਨਹੀਂ ਕੀਤਾ ਗਿਆ ਸੀ । ਪਾਠਕ ਨੇ ਕਿਹਾ ਕਿ ਹੁਣ ਪਾਰਟੀ ਵਲੋਂ ਪੰਜਾਬ ਲਈ ਨਵੇਂ ਆਬਜ਼ਰਵਰ ਲਾਏ ਜਾਣਗੇ।  

Related News