''ਆਪ'' ਦੇ ਬਣੇ ''ਗੁਰਪ੍ਰੀਤ ਘੁੱਗੀ'' ਮੀਡੀਆ ਸਾਹਮਣੇ ਰੂ-ਬ-ਰੂ, ਫਰੋਲਿਆ ਦਿਲ ''ਚ ਛੁਪਿਆ ਦਰਦ (ਤਸਵੀਰਾਂ)

02/10/2016 11:53:39 AM

ਚੰਡੀਗੜ੍ਹ : ਪੰਜਾਬ ਦੇ ਕਾਮੇਡੀਅਨ ਅਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ''ਆਮ ਆਦਮੀ ਪਾਰਟੀ'' ''ਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਸਾਹਮਣੇ ਆਪਣੇ ਦਿਲੀ ਜਜ਼ਬਾਤਾਂ ਨੂੰ ਰੱਖਦੇ ਹੋਏ ਕਿਹਾ ਕਿ ਅਦਾਕਾਰ ਦੇ ਤੌਰ ''ਤੇ ਉਨ੍ਹਾਂ ਦਾ ਭਵਿੱਖ ਬਹੁਤ ਉੱਜਵਲ ਹੈ ਪਰ ਪੰਜਾਬ ਦੀ ਧਰਤੀ ਨੂੰ ਖੁਸ਼ਹਾਲ ਬਣਾਉਣ ਲਈ ਉਨ੍ਹਾਂ ਨੂੰ ਸਿਆਸਤ ਦਾ ਰਸਤਾ ਚੁਣਨਾ ਪਿਆ।
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਪਰ ਅੱਜ ਨਸ਼ਿਆਂ ਨੇ ਪੰਜਾਬ ਦੀ ਜੋ ਹਾਲਤ ਕਰ ਦਿੱਤੀ ਹੈ, ਉਸ ਨੇ ਉਨ੍ਹਾਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਘੁੱਗੀ ਨੇ ਕਿਹਾ ਕਿ ਨਸ਼ਾ ਪੰਜਾਬ ਦੇ ਨੌਜਵਾਨਾਂ ਦੀ ਸਿਰਫ ਜਾਨ ਹੀ ਨਹੀਂ ਲੈ ਰਿਹਾ, ਸਗੋਂ ਇਸ ਕਾਰਨ ਜ਼ਿੰਦਾ ਨੌਜਵਾਨ ਵੀ ਲਾਸ਼ਾਂ ਬਣ ਗਏ ਹਨ, ਨਪੁੰਸਕ ਬਣ ਗਏ ਹਨ। ਘੁੱਗੀ ਨੇ ਅੱਗੇ ਬੋਲਦਿਆਂ ਕਿਹਾ ਕਿ ਅੱਜ ਨਸ਼ਿਆਂ ਕਾਰਨ ਪੰਜਾਬ ਦੇ 10 ''ਚੋਂ 4 ਘਰਾਂ ''ਚ ਤਲਾਕ ਹੋ ਰਹੇ ਹਨ ਅਤੇ ਲੋਕਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਚੁੱਕਾ ਹੈ।
ਘੁੱਗੀ ਨੇ ਕਿਹਾ ਕਿ ਅਦਾਕਾਰ ਦੇ ਤੌਰ ''ਤੇ ਉਨ੍ਹਾਂ ਨੇ ਨਸ਼ਿਆਂ ਖਿਲਾਫ ਕਾਫੀ ਆਵਾਜ਼ ਚੁੱਕੀ ਹੈ ਪਰ ਲੋਕਾਂ ਤੱਕ ਇਹ ਆਵਾਜ਼ ਪਹੁੰਚਾਉਣ ਲਈ ਉਨ੍ਹਾਂ ਨੂੰ ਇਕ ਮੰਚ ਚਾਹੀਦਾ ਸੀ, ਜਿੱਥੇ ਉਹ ਲੋਕਾਂ ਦਾ ਦਰਦ ਸਾਹਮਣੇ ਲਿਆ ਸਕਣ, ਜੋ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਹੈ। ਘੁੱਗੀ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲ ਧਰਤੀ ਨੂੰ ਨਜ਼ਰ ਲੱਗ ਗਈ ਹੈ ਅਤੇ ਹੁਕਮਰਾਨ ਬੈਠੇ ਸਿਰਫ ਤਮਾਸ਼ਾ ਦੇਖ ਰਹੇ ਹਨ। 
ਗੁਰਪ੍ਰੀਤ ਘੁੱਗੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਵਿਅਕਤੀ ਦਾ ਪੰਜਾਬ ਦੀ ਧਰਤੀ ਪ੍ਰਤੀ ਇਕ ਫਰਜ਼ ਹੈ, ਜੋ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਫਰਜ਼ ਨੂੰ ਪੂਰਾ ਕਰਕੇ ਹੀ ਅਸੀਂ ਨਸ਼ਿਆਂ ਦੀ ਦਲਦਲ ''ਚ ਡੁੱਬੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ''ਤੇ ਲਿਜਾ ਸਕਦੇ ਹਾਂ।


Babita Marhas

News Editor

Related News