ਗੁਰਦਾਸਪੁਰ ਜ਼ਿਮਨੀ ਚੋਣ : ਸੁਨੀਲ ਜਾਖੜ ਨੂੰ ਟਿਕਟ, ਬਾਜਵਾ ਦੇ ਘਰ ਸਰਨਾਟਾ

09/21/2017 12:18:37 PM

ਕਾਦੀਆ - ਗੁਰਦਾਸਪੁਰ ਲੋਕਸਭਾ ਸੀਟ ਦੀ ਜ਼ਿਮਨੀ ਚੋਣ ਲਈ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਟਿਕਟ ਮਿਲਣ ਨਾਲ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਸਰਨਾਟਾ ਪਸਰ ਗਿਆ ਹੈ। ਬਾਜਵਾ ਇਸ ਸੀਟ 'ਤੇ ਆਪਣੀ ਪਤਨੀ ਚਰਣਜੀਤ ਕੌਰ ਨੂੰ ਉਤਾਰਨਾ ਚਾਹੁੰਦਾ ਸੀ। ਬਾਜਵਾ ਆਪਣੀ ਪਤਨੀ ਅਤੇ ਭਰਾ ਵਿਧਾਇਕ ਫਤਿਹਜੰਗ ਬਾਜਵਾ ਨਾਲ ਹੁਣ ਦਿੱਲੀ 'ਚ ਡਟੇ ਹੋਏ ਹਨ। ਉਨ੍ਹਾਂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ।
ਜਾਖੜ ਨੂੰ ਚੋਣ ਮੈਦਾਨ 'ਚ ਉਤਾਰੇ ਜਾਣ ਤੋਂ ਬਾਅਦ ਬਾਜਵਾ ਪਰਿਵਾਰ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ ਗਈ। ਪੂਰਾ ਦਿਨ ਕਾਦੀਆ ਸਥਿਤ ਨਿਵਾਸ ਸਥਾਨ 'ਚ ਕੋਈ ਵੀ ਕਾਰਜਕਰਤਾ ਨਹੀਂ ਦਿਖਾਈ ਦਿੱਤਾ। ਦੂਜੇ ਪਾਸੇ ਪ੍ਰਤਾਪ ਬਾਜਵਾ ਦੇ ਰਾਜਨੀਤਿਕ ਸਲਾਹਕਾਰ ਮਨੋਹਰ ਲਾਲ ਸ਼ਰਮਾ ਦਾ ਕਹਿਣਾ ਹੈ ਕਿ ਟਿਕਟ ਮੰਗਣ ਦਾ ਹੱਕ ਸਭ ਨੂੰ ਹੈ, ਅਸੀਂ ਵੀ ਟਿਕਟ ਮੰਗੀ ਸੀ, ਪਰ ਹਾਈਕਮਾਨ ਦੇ ਫੈਸਲੇ ਤੋਂ ਉਹ ਖੁਸ਼ ਹਨ। ਦੂਜੇ ਪਾਸੇ ਜ਼ਿਲੇ ਦੇ ਹੋਰ ਸੀਨੀਅਰ ਆਗੂ ਨਰਿੰਦਰ ਭਾਟੀਆ, ਰਵਿਨੰਦਨ ਸਿੰਘ ਬਾਜਵਾ, ਸੋਮਨਾਥ, ਸੁਰਰਿੰਦਰ ਮਹਾਜਨ ਦਾ ਕਹਿਣਾ ਹੈ ਕਿ ਪਾਰਟੀ ਦੇ ਹਿੱਤਾਂ ਨੂੰ ਲੈ ਕੇ ਹੀ ਉਨ੍ਹਾਂ ਨੇ ਇਹ ਫੈਸਲਾ ਲਿਆ ਗਿਆ ਹੈ ਤੇ ਜਾਖੜ ਨੂੰ ਜਿਤਾਉਣ ਲਈ ਉਹ ਉਨ੍ਹਾਂ ਦੇ ਨਾਲ ਹਨ। 
ਬਾਜਵਾ ਪਰਿਵਾਰ ਸੀ ਦਾਅਵੇਦਾਰ 
ਜ਼ਿਮਨੀ ਚੋਣ ਲੜਨ ਲਈ ਬਾਜਵਾ ਪਰਿਵਾਰ ਵੀ ਟਿਕਟ ਦਾ ਦਾਅਵੇਦਾਰ ਸੀ। 2009 ਅਤੇ 2014 'ਚ ਵਿਨੋਦ ਖੰਨਾ ਖਿਲਾਫ ਚੋਣ ਲੜ ਚੁੱਕੇ ਪ੍ਰਤਾਪ ਸਿੰਘ ਬਾਜਵਾ ਇਸ ਸਮੇਂ ਰਾਜਸਭਾ ਮੈਂਬਰ ਹਨ। ਫਤਿਹਜੰਗ ਸਿੰਘ ਬਾਜਵਾ ਨੇ ਵੀ ਸੁਨੀਲ ਜਾਖੜ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਲੋਕ ਸਭਾ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਇਸ਼ਾਰਾ ਆਪਣੀ ਭਾਬੀ ਚਰਣਜੀਤ ਕੌਰ ਵੱਲ ਸੀ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ 'ਚ ਫਤਿਹ ਲਈ ਸੀਟ ਛੱਡੀ ਸੀ। 
ਜਾਖੜ ਲਈ ਬਾਜਵਾ ਦਾ ਸਹਿਯੋਗ ਜ਼ਰੂਰੀ 
ਗੁਰਦਾਸਪੁਰ ਤੋਂ ਸੁਨੀਲ ਜਾਖੜ ਨੂੰ ਜਿੱਤ ਹਾਸਲ ਕਰਨ ਲਈ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਨ ਹਾਸਲ ਕਰਨਾ ਜ਼ਰੂਰੀ ਹੈ। ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਲੋਕ ਸਭਾ ਹਲਕੇ 'ਚ ਮਜ਼ਬੂਤ ਪਕੜ ਹੋਣ ਦੇ ਨਾਲ ਹੀ ਵਿਧਾਨ ਸਭਾ ਹਲਕਾ ਕਾਦੀਆਂ, ਫਤਿਹਗੜ੍ਹ ਚੂੜੀਆ, ਭੋਆ ਅਤੇ ਪਠਾਨਕੋਟ 'ਚ ਵੀ ਮਜ਼ਬੂਤ ਪਕੜ ਹੈ। 


Related News