ਜੀ.ਐਸ.ਟੀ. ਦੇ ਵਿਰੋਧ ''ਚ ਕਾਰੋਬਾਰ ਬੰਦ ਰੱਖ ਕੇ ਰੋਸ ਰੈਲੀ

06/27/2017 4:39:55 PM

ਤਲਵੰਡੀ ਭਾਈ (ਗੁਲਾਟੀ) : ਕੇਂਦਰ ਸਰਕਾਰ ਵਲੋਂ 1 ਜੁਲਾਈ ਤੋਂ ਪੂਰੇ ਦੇਸ਼ ਵਿਚ ਜੀ.ਐਸ.ਟੀ. ਲਾਗੂ ਕਰਨ ਦੇ ਵਿਰੋਧ 'ਚ ਮੰਗਲਵਾਰ ਨੂੰ ਪੈਸਟੀਸਾਈਡਜ਼ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਤਲਵੰਡੀ ਭਾਈ ਦੇ ਦੁਕਾਨਦਾਰਾਂ ਵੱਲੋਂ ਆਪਣੇ ਕਾਰੋਬਾਰ ਬੰਦ ਰੱਖ ਕੇ ਸ਼ਹਿਰ ਵਿਚ ਰੋਸ ਰੈਲੀ ਕੀਤੀ ਗਈ ਅਤੇ ਕੇਂਦਰ ਸਰਕਾਰ ਦੇ ਇਸ ਕਾਲੇ ਕਾਨੂੰਨ ਖਿਲਾਫ ਜੰਮ ਕੇ ਨਆਰੇਬਾਜ਼ੀ ਕੀਤੀ ਅਤੇ ਇਸਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਸਬੰਧ 'ਚ ਇਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠਾਂ ਸਥਾਨਕ ਸ਼ਹਿਰ ਦੀ ਸਨਾਤਮ ਧਰਮਸ਼ਾਲਾ ਵਿਖੇ ਹੋਈ।
ਮੀਟਿੰਗ ਵਿਚ ਐਸੋਸੀਏਸ਼ਨ ਨੇ ਜੀ.ਐਸ.ਟੀ. ਦਾ ਵਿਰੋਧ ਕਰਦਿਆਂ ਕਿਹਾ ਕਿ ਇਕ ਪਾਸੇ ਰਾਜ ਸਰਕਾਰਾਂ ਕਿਸਾਨਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੇ ਕਰਜ਼ੇ ਮੁਆਫ ਕਰ ਰਹੀ ਹੈ ਤਾਂ ਹਰ ਰੋਜ਼ ਖ਼ੁਦਕੁਸ਼ੀ ਕਰ ਰਹੇ ਕਿਸਾਨਾਂ ਨੂੰ ਰੋਕਿਆ ਜਾਵੇ ਪਰ ਦੂਜੇ ਪਾਸੇ ਕੇਂਦਰ ਸਰਕਾਰ ਆਪਣੀਆਂ ਕਿਸਾਨ ਮਾਰੂ ਨੀਤੀਆਂ ਨੂੰ ਜਾਰੀ ਰੱਖਦਿਆਂ ਜੀ.ਐਸ.ਟੀ ਲਾਗੂ ਕਰਕੇ ਕਿਸਾਨਾਂ 'ਤੇ ਹੋਰ ਬੋਝ ਪਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੀ.ਐਸ.ਟੀ. ਲਾਗੂ ਹੋਣ ਨਾਲ ਖਾਦ ਤੇ 12 ਫੀਸਦੀ ਅਤੇ ਕੀੜੇਮਾਰ ਦਵਾਈਆਂ 'ਤੇ 18 ਫੀਸਦੀ ਵਾਧਾ ਹੋਵੇਗਾ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਇਸ ਕਾਲੇ ਕਾਨੂੰਨ ਨੂੰ ਵਾਪਸ ਲਿਆ ਜਾਵੇ। ਇਸ ਮੌਕੇ ਮੰਗਤ ਰਾਮ ਗੋਇਲ, ਅਸ਼ਵਨੀ ਕੁਮਾਰ ਗੁਲਾਟੀ, ਮਹਿੰਦਰਪਾਲ ਢੱਲ, ਜਗਦੀਸ਼ ਅਨੇਜਾ, ਵਿਜੇ ਸਲੂਜਾ, ਮੋਹਿਤ ਮੌਂਗਾਂ, ਨਰੇਸ਼ ਕੁਮਾਰ ਅਰੋੜਾ, ਨੱਥਾ ਸਿੰਘ ਬਰਾੜ, ਬਲਕਰਨ ਸਿੰਘ ਬਰਾੜ, ਗੁਰਦਾਸ ਸਿੰਘ, ਗੁਰਪ੍ਰੀਤ ਸਿੰਘ ਕੋਟ ਕਰੋੜ ਕਲਾਂ, ਜਗਤਾਰ ਸਿੰਘ ਲੱਲੇ ਆਦਿ ਦੁਕਾਨਦਾਰ ਮੌਜੂਦ ਸਨ।


Related News