ਸਮੂਹ ਅਨਟ੍ਰੇਂਡ ਅਧਿਆਪਕਾਂ ਦੀ ਹੋਵੇਗੀ ਟ੍ਰੇਨਿੰਗ

09/22/2017 11:12:02 PM

ਮੋਹਾਲੀ (ਨਿਆਮੀਆਂ)— ਐੱਸ. ਸੀ. ਈ. ਆਰ. ਟੀ. ਦੇ ਡਾਇਰੈਕਟਰ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਦੇ ਅਨਟ੍ਰੇਂਡ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਐੱਸ. ਸੀ. ਈ. ਆਰ. ਟੀ. ਵਲੋਂ ਆਰੰਭਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਨਟ੍ਰੇਂਡ ਅਧਿਆਪਕਾਂ ਦੀ ਇਹ ਟ੍ਰੇਨਿੰਗ 31 ਮਾਰਚ 2019 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। 
ਬੁਲਾਰੇ ਨੇ ਦੱਸਿਆ ਕਿ ਅਨਟ੍ਰੇਂਡ ਅਧਿਆਪਕਾਂ ਦੀ ਰਜਿਸਟ੍ਰੇਸ਼ਨ ਐੱਨ. ਆਈ. ਓ. ਐੱਸ. ਪੋਰਟਲ ਉਤੇ 15 ਸਤੰਬਰ ਤਕ ਮੁਕੰਮਲ ਕਰਕੇ ਸਕੂਲ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਦੁਆਰਾ ਭਰੀ ਜਾਣੀ ਸੀ, ਜੋ ਕਿ ਕੇਵਲ 30 ਫੀਸਦੀ ਹੀ ਭਰੀ ਗਈ ਹੈ। ਉਨ੍ਹਾਂ ਪ੍ਰਿੰਸੀਪਲਾਂ ਜਾਂ ਮੁੱਖ ਅਧਿਆਪਕਾਂ ਨੂੰ ਮੁੜ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਕੰਮ ਕਰਦੇ ਅਨਟ੍ਰੇਂਡ ਅਧਿਆਪਕਾਂ ਦੀ ਵੈਰੀਫਿਕੇਸ਼ਨ ਕਰਕੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਐੱਨ. ਆਈ. ਓ. ਐੱਸ. ਪੋਰਟਲ ਉਤੇ 30 ਸਤੰਬਰ ਤਕ ਹਰ ਹਾਲਤ ਵਿਚ ਕਰਨੀ ਯਕੀਨੀ ਬਣਾਉਣ। 
ਬੋਰਡ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਇਸ ਲਈ ਅਨਟ੍ਰੇਂਡ ਅਧਿਆਪਕਾਂ ਲਈ ਆਪਣੀ ਯੋਗਤਾ ਨੂੰ ਪੂਰੀ ਕਰਨ ਲਈ ਇਹ ਆਖਰੀ ਮੌਕਾ ਹੋਵੇਗਾ। ਜੇਕਰ ਕੋਈ ਅਧਿਆਪਕ ਆਰ. ਟੀ. ਈ. ਐਕਟ 2009 ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਤਾਂ ਉਹ 1 ਅਪ੍ਰੈਲ 2019 ਤੋਂ ਉਪਰੰਤ ਆਪਣੀ ਸਰਵਿਸ ਜਾਰੀ ਨਹੀਂ ਕਰ ਸਕੇਗਾ।


Related News