ਫੰਡਾਂ ਦੀ ਹੋਈ ਦੁਰਵਰਤੋਂ ਦੇ ਮਾਮਲੇ ਹੋਲੀ-ਹੋਲੀ ਬਾਹਰ ਨਿਕਲਣੇ ਹੋਏ ਸ਼ੁਰੂ

04/28/2017 5:14:38 PM

ਜਲਾਲਾਬਾਦ (ਸੇਤੀਆ) : ਅਕਾਲੀ-ਭਾਜਪਾ ਸਰਕਾਰ ਸਮੇਂ ਵਿਕਾਸ ਕਾਰਜਾਂ ਲਈ ਜਾਰੀ ਹੋਈਆਂ ਗ੍ਰਾਂਟਾਂ ''ਚ ਘਪਲੇਬਾਜ਼ੀ ਦੀਆਂ ਖਬਰਾਂ ਨਸ਼ਰ ਹੋਣ ਤੋਂ ਬਾਅਦ ਸੰਬੰਧਤ ਵਿਭਾਗੀ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਨੀਂਦਾਂ ਉੱਡਦੀਆਂ ਨਜ਼ਰ ਆ ਰਹੀਆਂ ਹਨ ਅਤੇ ਵਿਕਾਸ ਕਾਰਜਾਂ ਤੋਂ ਪਹਿਲਾਂ ਫੰਡ ਰਿਲੀਜ਼ ਕਰਵਾ ਚੁੱਕੇ ਅਧਿਕਾਰੀ ਹੁਣ ਉਹੀ ਪੈਸਾ ਕਿਸੇ ਨਾ ਕਿਸੇ ਤਰੀਕੇ ਵਿਕਾਸ ਕਾਰਜਾਂ ''ਤੇ ਖਰਚ ਕਰਨ ਦੀ ਫਿਰਾਕ ਵਿਚ ਹਨ। ਜਿਸਦੀ ਮਿਸਾਲ ਸਥਾਨਕ ਬਸਤੀ ਸਰੂਪ ਦਾਸ ਤੋਂ ਲਗਾਈ ਜਾ ਸਕਦੀ ਹੈ ਕਿ ਇਥੇ 2013 ਵਿਚ ਕਰੀਬ 5 ਲੱਖ 40 ਹਜ਼ਾਰ ਵਿਕਾਸ ਕਾਰਜਾਂ ਲਈ ਫੰਡ ਆਇਆ ਸੀ ਪਰ ਮੌਜੂਦਾ ਸਰਪੰਚ ਕਾਂਗਰਸੀ ਹੋਣ ਕਾਰਨ ਪੰਚਾਇਤੀ ਰਾਜ ਵਿਭਾਗ ਵਲੋਂ ਉਥੇ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ ਸੀ ਪਰ ਮੌਜੂਦਾ ਸਰਪੰਚ ਵਲੋਂ ਵਿਭਾਗ ਨੇ ਇਹ ਕਹਿ ਕੇ ਲਿਖਵਾਇਆ ਕਿ ਇਹ ਫੰਡ ਵਾਪਸ ਚਲੇ ਜਾਣਗੇ ਅਤੇ ਕੰਮ ਨਹੀਂ ਹੋਵੇਗਾ ਪਰ ਉਨ੍ਹਾਂ ਨੇ ਵਿਕਾਸ ਕਾਰਜਾਂ ਨੂੰ ਜ਼ਰੂਰੀ ਸਮਝਦੇ ਹੋਏ ਪੰਚਾਇਤੀ ਰਾਜ ਵਿਭਾਗ ਤੋਂ ਕਰਵਾਉਣ ਦੀ ਬਜਾਏ ਕਿਸੇ ਹੋਰ ਏਜੰਸੀ ਤੋਂ ਕਰਵਾਉਣ ਲਈ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਪਰ ਦੂਜੇ ਪਾਸੇ ਸੰਬੰਧਤ ਅਧਿਕਾਰੀਆਂ ਦੀ ਨਲਾਇਕੀ ਇਹ ਰਹੀ ਹੈ ਕਿ ਪ੍ਰਵਾਨਗੀ ਦੇਣ ਦੇ 8 ਮਹੀਨੇ ਬਾਅਦ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ।
ਇਸ ਸੰਬੰਧੀ ਜਦੋਂ ਸਰਪੰਚ ਧਰਮ ਸਿੰਘ ਸਿੱਧੂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਬਸਤੀ ਸਰੂਪ ਦਾਸ ਨੂੰ 2013 ਵਿਚ 5 ਲੱਖ 40 ਹਜ਼ਾਰ ਦੀ ਗ੍ਰਾਂਟ ਆਈ ਸੀ ਜਿਸ ਵਿਚ 4 ਲੱਖ 20 ਹਜ਼ਾਰ ਪਾਣੀ ਦੀ ਨਿਕਾਸੀ ਅਤੇ 1 ਲੱਖ 20 ਹਜ਼ਾਰ ਰੁਪਏ ਇੱਟਾਂ ਦੀ ਨਿਕਾਸੀ ਲਈ ਆਇਆ ਸੀ ਪਰ ਮੈਂ ਕਾਂਗਰਸ ਪਾਰਟੀ ਨਾਲ ਸੰਬੰਧਤ ਹੋਣ ਕਾਰਣ ਇਥੇ ਪਿੰਡ ਵਿਚ ਪੰਚਾਇਤੀ ਰਾਜ ਵਿਭਾਗ ਵਲੋਂ ਵਿਕਾਸ ਕਾਰਜ ਨਹੀਂ ਹੋਣ ਦਿੱਤੇ ਗਏ ਅਤੇ ਲਗਾਤਾਰ ਮੈਂ ਬੀ. ਡੀ. ਈ. ਓ ਨਾਲ ਸੰਪਰਕ ਵੀ ਰੱਖਿਆ ਪਰ ਅਕਾਲੀ ਸਰਕਾਰ ਹੋਣ ਕਰਕੇ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਪਿੰਡ ਦਾ ਵਿਕਾਸ ਠੱਪ ਰਿਹਾ ਅਤੇ ਜੇ.ਈ. ਭਜਨ ਸਿੰਘ ਨੂੰ 22-09-2016 ਨੂੰ ਇਹ ਕਿਹਾ ਗਿਆ ਕਿ ਚੋਣ ਜ਼ਾਬਤਾ ਲੱਗ ਜਾਣਾ ਹੈ ਅਤੇ ਫੰਡ ਵਾਪਸ ਚਲੇ ਜਾਣਗੇ ਕਿਉਂ ਇਹ ਕੰਮ ਕਿਸੇ ਹੋਰ ਏਜੰਸੀ ਕੋਲੋਂ ਕਰਵਾ ਲਈਏ ਅਤੇ ਬਤੌਰ ਸਰਪੰਚ ਮੈਂ ਆਪਣੀ ਮਹੱਤਤਾ ਨੂੰ ਦਰਕਿਨਾਰ ਕਰਦੇ ਹੋਏ ਕਿਸੇ ਹੋਰ ਏਜੰਸੀ ਤੋਂ ਕੰਮ ਕਰਵਾਉਣ ਲਈ ਸੰਬੰਧਤੀ ਜੇ. ਈ ਨੂੰ ਲਿਖਤੀ ਪੱਤਰ ਦੇ ਕੇ ਸਹਿਮਤੀ ਦੇ ਦਿੱਤੀ ਪਰ 22-09-2016 ਤੋਂ ਲੈ ਕੇ ਕਰੀਬ 8 ਮਹੀਨੇ ਬੀਤਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਜਦੋਂ ਵੀ ਜੇਈ ਨਾਲ ਗੱਲਬਾਤ ਕਰਨੀ ਚਾਹੀ ਤਾਂ ਕੋਈ ਜਵਾਬ ਨਹੀਂ ਦਿੱਤਾ ਗਿਆ ਜਦਕਿ ਉਕਤ ਵਿਕਾਸ ਕਾਰਜਾਂ ਦਾ ਪੈਸਾ ਸੰਬੰਧਤ ਜੇਈ ਵਲੋਂ ਕੱਢਵਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕਰੀਬ 20 ਦਿਨ ਪਹਿਲਾਂ  ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਸ਼ਿਕਾਇਤ ਪੱਤਰ ਦਿੱਤਾ ਸੀ ਕਿ ਵਿਕਾਸ ਕਾਰਜਾਂ ਲਈ ਆਇਆ ਫੰਡ ਕਿਥੇ ਗਿਆ ਹੈ ਤਾਂ ਇਸ ਸ਼ਿਕਾਇਤ ਤੋਂ ਬਾਅਦ ਪੰਚਾਇਤੀ ਵਿਭਾਗ ਵਿਚ ਹਫੜਾ-ਦਫੜੀ ਮਚ ਗਈ ਅਤੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਇਸ ਸੰਬੰਧੀ ਜਦੋਂ ਬੀਡੀਈਓ ਅਤੇ ਜੇਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਪੁਖਤਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਇਥੇ ਦੱਸਣਯੋਗ ਹੈ ਕਿ ਜਗਬਾਣੀ ਸਮਾਚਾਰ ਪੱਤਰ ਬੀਤੀ 25 ਅਪ੍ਰੈਲ ਨੂੰ ਖਬਰ ਪ੍ਰਕਾਸ਼ਿਤ ਕਰ ਚੁੱਕਿਆ ਹੈ ਕਿ ਪੁਰਾਣੇ ਅਧਿਕਾਰੀ ਕਿਸ ਤਰ੍ਹਾਂ ਵਿਕਾਸ ਕਾਰਜਾਂ ਵਿੱਚ ਹੋਈ ਘਪਲੇਬਾਜ਼ੀ ਦੀ ਜਾਂਚ ਨਿਰਪੱਖ ਕਰ ਸਕਣਗੇ ਤਾਂ ਇਸ ਖਬਰ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵਿੱਚ ਹਲਚਲ ਪੈਦਾ ਹੋਈ ਹੈ ਅਤੇ ਗਲਤ ਢੰਗ ਨਾਲ ਪੈਸਾ ਕਢਾਉਣ ਵਾਲੇ ਅਧਿਕਾਰੀਆਂ ਦੇ ਪੈਰਾਂ ਹੇਠਾਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ।


Gurminder Singh

Content Editor

Related News