ਸਰਕਾਰੀ ਹਸਪਤਾਲ ਗਰਭਵਤੀ ਔਰਤਾਂ ਲਈ ਕਲਰ ਸਕੈਨਿੰਗ ਸਹੂਲਤ ਤੋਂ ਵਾਂਝਾ

12/12/2017 7:39:05 AM

ਗੁਰਦਾਸਪੁਰ, (ਵਿਨੋਦ)- ਸਥਾਨਕ ਆਧੁਨਿਕ ਸਹੂਲਤਾਂ ਨਾਲ ਲੈਸ ਸਰਕਾਰੀ ਹਸਪਤਾਲ ਗੁਰਦਾਸਪੁਰ 'ਚ ਗਰਭਵਤੀ ਔਰਤਾਂ ਨੂੰ ਕਲਰ ਡਰਾਪਰ ਤੇ ਲੇਵਲ-2 ਦੀ ਜਾਂਚ ਕਰਵਾਉਣ ਲਈ ਪ੍ਰਾਈਵੇਟ ਸਕੈਨਿੰਗ ਸੈਂਟਰਾਂ ਕੋਲ ਜਾਣਾ ਇਕ ਮਜਬੂਰੀ ਬਣਿਆ ਹੋਇਆ ਹੈ।
ਕੀ ਕਹਿਣਾ ਹੈ ਮਹਿਲਾ ਰੋਗ ਮਾਹਿਰ ਡਾਕਟਰ ਜੋਤੀ ਮਹਾਜਨ ਦਾ
ਸਥਾਨਕ ਸਿਵਲ ਹਸਪਤਾਲ 'ਚ ਤਾਇਨਾਤ ਮਹਿਲਾ ਰੋਗ ਮਾਹਿਰ ਡਾ. ਜੋਤੀ ਮਹਾਜਨ ਅਨੁਸਾਰ ਗਰਭਵਤੀ ਔਰਤਾਂ ਦੀ ਸਿਹਤ ਦੀ ਜਾਂਚ ਦੌਰਾਨ ਸਾਨੂੰ ਮਜਬੂਰਨ ਇਹ ਸਕੈਨ ਲਿਖਣਾ ਪੈਂਦਾ ਹੈ ਪਰ ਗਰਭਵਤੀ ਔਰਤ ਨੂੰ ਇਹ ਛੋਟ ਹੁੰਦੀ ਹੈ ਕਿ ਉਹ ਪ੍ਰਾਈਵੇਟ ਚਲ ਰਹੇ ਕਿਸੇ ਵੀ ਸਕੈਨਿੰਗ ਸੈਂਟਰ 'ਚ ਜਾ ਕੇ ਇਹ ਸਕੈਨ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ 'ਚ ਇਸ ਤਰ੍ਹਾਂ ਦੀ ਜਾਂਚ ਕਰਨ ਲਈ ਮਸ਼ੀਨ ਦਾ ਹੋਣਾ ਬਹੁਤ ਜ਼ਰੂਰੀ ਹੈ। ਡਾ. ਜੋਤੀ ਅਨੁਸਾਰ ਸਿਵਲ ਹਸਪਤਾਲ 'ਚ ਨਾ ਤਾਂ ਸੀਟੀ ਸਕੈਨ ਦੀ ਸਹੂਲਤ ਹੈ ਤੇ ਨਾ ਹੀ ਐੱਮ. ਆਰ. ਆਈ. ਮਸ਼ੀਨ ਲੱਗੀ ਹੈ। ਹਾਲਾਂਕਿ ਸਮਾਜ ਸੇਵੀ ਸੰਸਥਾਵਾਂ ਨੇ ਇਸ ਬਾਰੇ 'ਚ ਅਕਾਲੀ ਸਰਕਾਰ ਦੇ ਸਮੇਂ ਰਾਜ ਦੇ ਸਿਹਤ ਮੰਤਰੀ ਸਮੇਤ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਭੇਜੇ ਸੀ ਪਰ ਇਸ ਦੇ ਬਾਵਜੂਦ ਸਰਕਾਰ ਇਹ ਸਹੂਲਤ ਇਸ ਹਸਪਤਾਲ 'ਚ ਮੁਹੱਈਆ ਨਹੀਂ ਕਰਵਾ ਪਾਈ ਹੈ ਤੇ ਗਰਭਵਤੀ ਔਰਤਾਂ ਤੇ ਉਨ੍ਹਾਂ ਨਾਲ ਆਏ ਪਰਿਵਾਰ ਵਾਲਿਆਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਰੇਡੀਓਲੋਜਿਸਟ ਤਾਂ ਹੈ ਪਰ ਮਸ਼ੀਨ ਨਹੀਂ
ਜੇਕਰ ਵੇਖਿਆ ਜਾਵੇ ਤਾਂ ਪੰਜਾਬ ਭਰ 'ਚ ਸਿਵਲ ਹਸਪਤਾਲਾਂ 'ਚ ਰੇਡੀਓਲੋਜਿਸਟ  ਦੀ ਘਾਟ ਦੇ ਕਾਰਨ ਸਿਵਲ ਹਸਪਤਾਲ ਦੇ ਅੰਦਰ ਆਉਣ ਵਾਲੇ ਹਜ਼ਾਰਾਂ ਮਰੀਜ਼ਾਂ ਨੂੰ ਸਕੈਨਿੰਗ ਦੀ ਸਹੂਲਤ ਨਹੀਂ ਮਿਲ ਰਹੀ, ਉਥੇ ਗੁਰਦਾਸਪੁਰ ਸਿਵਲ ਹਸਪਤਾਲ 'ਚ ਰੇਡੀਓਲੋਜਿਸਟ ਮੁਹੱਈਆ ਹੈ ਪਰ ਕਲਰ ਡਰਾਪਰ, ਲੇਵਲ-2 ਦੀ ਜਾਂਚ ਕਰਵਾਉਣ ਲਈ ਗਰਭਵਤੀ ਔਰਤਾਂ ਨੂੰ ਪ੍ਰਾਈਵੇਟ ਸਕੈਨਿੰਗ ਸੈਂਟਰਾਂ ਕੋਲ ਜਾਣਾ ਸਾਰਿਆਂ ਦੀ ਮਜਬੂਰੀ ਹੈ। 
ਇਸ ਮਾਮਲੇ ਸਬੰਧੀ ਹਸਪਤਾਲ 'ਚ ਦਾਖ਼ਲ ਗਰਭਵਤੀ ਔਰਤਾਂ ਨੇ ਆਪਣਾ ਨਾਂ ਗੁਪਤ ਰੱਖਣ ਦੇ ਭਰੋਸੇ 'ਤੇ ਕਿਹਾ ਕਿ ਜਦ ਸਿਵਲ ਹਸਪਤਾਲ 'ਚ ਗਰਭਵਤੀ ਔਰਤਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਫ਼ਤ ਮੁਹੱਈਆ ਹੈ ਤਾਂ ਇਹ ਸਕੈਨਿੰਗ ਸਹੂਲਤ ਵੀ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਕੀ ਕਹਿੰਦੇ ਹਨ ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਿਜੇ ਕੁਮਾਰ 
ਇਸ ਸਬੰਧੀ ਡਾ. ਵਿਜੇ ਕੁਮਾਰ ਸੀਨੀਅਰ ਮੈਡੀਕਲ ਅਧਿਕਾਰੀ ਸਿਵਲ ਹਸਪਤਾਲ ਨੇ ਕਿਹਾ ਕਿ ਇਸ ਮਸ਼ੀਨ ਸਬੰਧੀ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਉਚ-ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਾ ਹੈ ਤੇ ਸਰਕਾਰ ਜਲਦੀ ਹੀ ਇਹ ਮਸ਼ੀਨ ਮੁਹੱਈਆ ਕਰਵਾਉਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮਰੀਜ਼ ਨੂੰ ਬਾਹਰ ਤੋਂ ਕਿਸੇ ਤਰ੍ਹਾਂ ਦੀ ਪ੍ਰਾਈਵੇਟ ਸਹੂਲਤ ਨਾ ਲੈਣੀ ਪਏ।


Related News