ਹਾਦਸੇ ਤੋਂ 3 ਮਹੀਨੇ ਬਾਅਦ ਵੀ ਥਾਣੇ ਵਿਚ ਖੜ੍ਹੀ 108 ਐਂਬੂਲੈਂਸ

12/12/2017 10:48:32 AM

ਬਠਿੰਡਾ (ਪਰਮਿੰਦਰ)-ਪਰਸਰਾਮ ਨਗਰ ਚੌਕ ਵਿਚ ਕਰੀਬ 3 ਮਹੀਨੇ ਪਹਿਲਾਂ ਹੋਏ ਇਕ ਹਾਦਸੇ 'ਚ ਸ਼ਾਮਲ ਸਰਕਾਰੀ 108 ਐਂਬੂਲੈਂਸ ਅੱਜ ਤੱਕ ਥਾਣਾ ਕੈਨਾਲ 'ਚ ਹੀ ਖੜ੍ਹੀ ਹੈ। ਬੇਸ਼ੱਕ ਸਰਕਾਰੀ ਐਂਬੂਲੈਂਸ ਦੀ ਪਹਿਲਾਂ ਹੀ ਕਮੀ ਪਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਉਕਤ ਐਂਬੂਲੈਂਸ ਨੂੰ ਥਾਣੇ ਤੋਂ ਛੁਡਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅਧਿਕਾਰੀਆਂ ਦਾ ਕਹਿਣਾ ਹੈ ਕਿ 108 ਐਂਬੂਲੈਂਸ ਦੀ ਦੇਖ-ਰੇਖ ਸਬੰਧਿਤ ਕੰਪਨੀ ਵੱਲੋਂ ਹੀ ਕੀਤੀ ਜਾਂਦੀ ਹੈ ਤੇ ਸਥਾਨਕ ਵਿਵਸਥਾ ਵਿਭਾਗ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜਾਣਕਾਰੀ ਅਨੁਸਾਰ ਬੀਤੀ 9 ਸਤੰਬਰ 2017 ਨੂੰ ਪਰਸਰਾਮ ਨਗਰ 'ਚ ਇਕ ਐਂਬੂਲੈਂਸ  ਮਰੀਜ਼ ਨੂੰ ਲੈਣ ਜਾ ਰਹੀ ਸੀ। ਇਸ ਦੌਰਾਨ ਉਕਤ ਐਂਬੂਲੈਂਸ ਦਾ ਪਰਸਰਾਮ ਨਗਰ ਚੌਕ 'ਚ ਇਕ ਹਾਦਸਾ ਹੋ ਗਿਆ, ਜਿਸ 'ਚ ਕੁਝ ਲੋਕ ਜ਼ਖਮੀ ਹੋ ਗਏ। ਇਸ 'ਤੇ ਥਾਣਾ ਕੈਨਾਲ ਕਾਲੋਨੀ ਪੁਲਸ ਨੇ ਇਸ ਮਾਮਲੇ ਦੇ ਸ਼ਿਕਾਇਤਕਰਤਾ ਮੁਕਲ ਵਾਸੀ ਸਿਰਸਾ ਦੇ ਬਿਆਨਾਂ 'ਤੇ ਐਂਬੂਲੈਂਸ ਚਾਲਕ ਗੁਰਪ੍ਰੀਤ ਸਿੰਘ ਵਾਸੀ ਨਹੀਆਂਵਾਲਾ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਸ ਨੇ ਚਾਲਕ ਨੂੰ ਗ੍ਰਿਫਤਾਰ ਕਰ ਕੇ ਐਂਬੂਲੈਂਸ ਨੂੰ ਕਬਜ਼ੇ ਵਿਚ ਲੈ ਲਿਆ ਤੇ ਐਂਬੂਲੈਂਸ ਨੂੰ ਥਾਣਾ ਕੈਨਾਲ ਕਾਲੋਨੀ ਲੈ ਜਾ ਕੇ ਖੜ੍ਹੀ ਕਰ ਦਿੱਤਾ। ਉਕਤ ਐਂਬੂਲੈਂਸ ਹੁਣ 3 ਮਹੀਨੇ ਤੋਂ ਬਾਅਦ ਵੀ ਥਾਣੇ ਵਿਚ ਹੀ ਖੜ੍ਹੀ ਹੈ।
ਪੁਲਸ ਥਾਣੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਐਂਬੂਲੈਂਸ ਨੂੰ ਜ਼ਬਤ ਕੀਤਾ ਗਿਆ ਸੀ। ਬਾਅਦ ਵਿਚ ਉਕਤ ਐਂਬੂਲੈਂਸ 'ਤੇ ਆਪਣਾ ਹੱਕ ਜਤਾਉਣ ਜਾਂ ਇਸ ਮਾਮਲੇ ਦੀ ਪੈਰਵੀ ਕਰਨ ਲਈ ਕੋਈ ਵੀ ਵਿਅਕਤੀ ਉਨ੍ਹਾਂ ਕੋਲ ਨਹੀਂ ਆਇਆ। ਇਸ ਲਈ ਉਕਤ ਐਂਬੂਲੈਂਸ ਅੱਜ ਤੱਕ ਥਾਣੇ ਵਿਚ ਖੜ੍ਹੀ ਹੈ, ਜਦੋਂ ਤੱਕ ਕੋਈ ਇਸ ਮਾਮਲੇ ਵਿਚ ਪੈਰਵੀ ਕਰਨ ਲਈ ਅੱਗੇ ਨਹੀਂ ਆਉਂਦਾ, ਉਦੋਂ ਤੱਕ ਉਹ ਉਕਤ ਐਂਬੂਲੈਂਸ ਨੂੰ ਕਿਸੇ ਦੇ ਹਵਾਲੇ ਨਹੀਂ ਕਰ ਸਕਦੇ।
ਕੀ ਕਹਿੰਦੇ ਹਨ ਸਿਵਲ ਸਰਜਨ
ਇਸ ਸਬੰਧੀ ਸਿਵਲ ਸਰਜਨ ਡਾ. ਐੱਚ. ਐੱਨ. ਸਿੰਘ ਨੇ ਦੱਸਿਆ ਕਿ ਬੇਸ਼ੱਕ ਉਕਤ 108 ਐਂਬੂਲੈਂਸ ਸਰਕਾਰੀ ਤੌਰ 'ਤੇ ਚਲਦੀ ਹੈ ਪਰ ਇਸ ਦੀ ਦੇਖ-ਰੇਖ ਸਬੰਧਿਤ ਕੰਪਨੀ ਵੱਲੋਂ ਹੀ ਕੀਤੀ ਜਾਂਦੀ ਹੈ। ਪੂਰੇ ਪੰਜਾਬ ਦੀ 108 ਐਂਬੂਲੈਂਸ ਦਾ ਕੰਟਰੋਲ ਉਕਤ ਕੰਪਨੀ ਦੇ ਹੱਥਾਂ ਵਿਚ ਹੀ ਹੁੰਦਾ ਹੈ। ਅਜਿਹੇ ਵਿਚ ਉਕਤ ਐਂਬੂਲੈਂਸ ਦਾ ਉਨ੍ਹਾਂ ਨਾਲ ਜ਼ਿਆਦਾ ਲੈਣ-ਦੇਣ ਨਹੀਂ ਹੈ। ਉਕਤ ਕੰਪਨੀ ਹੀ ਇਸ ਮਾਮਲੇ ਦੀ ਪੈਰਵੀ ਕਰੇਗੀ।


Related News