ਸਰਕਾਰ ਜੀ! ਪੈਨਸ਼ਨ ਦੇ ਦਿਓ, ਹੁਣ ਤਾਂ ਡਾਕਟਰ ਨੇ ਵੀ ਦਵਾਈ ਉਧਾਰ ਦੇਣੀ ਬੰਦ ਕਰ ''ਤੀ

06/26/2017 10:44:51 AM

ਬੰਗਾ (ਭਟੋਆ)— ਪਿੰਡ ਖਾਨਪੁਰ ਦੇ 85 ਸਾਲਾ ਬਜ਼ੁਰਗ ਪੂਰਨ ਚੰਦ ਨੇ ਪੰਜਾਬ ਸਰਕਾਰ ਦੇ ਤਰਲੇ ਕੱਢਦੇ ਹੋਏ ਕਿਹਾ ਕਿ ਸਰਕਾਰ ਜੀ! ਪੈਨਸ਼ਨ ਦੇ ਦਿਓ, ਹੁਣ ਤਾਂ ਪਿੰਡ ਦੇ ਡਾਕਟਰ ਨੇ ਵੀ ਦਵਾਈ ਉਧਾਰ ਦੇਣੀ ਬੰਦ ਕਰ ਦਿੱਤੀ ਕਿਉਂਕਿ ਉਸ ਨੇ ਪਹਿਲਾਂ ਹੀ ਡਾਕਟਰ ਦੇ 510 ਰੁਪਏ ਦੇਣੇ ਹਨ। ਬਜ਼ੁਰਗ ਪੂਰਨ ਚੰਦ ਨੇ ਆਪਣੇ ਦੁਖੜੇ ਰੋਂਦਿਆਂ ਦੱਸਿਆ ਕਿ ਉਸ ਦੇ ਬੱਚੇ ਆਪਣੇ-ਆਪਣੇ ਘਰਾਂ 'ਚ ਹਨ। ਉਹ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਇਕੱਲੇ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਵੀ ਬੀਮਾਰ ਰਹਿੰਦੀ ਹੈ। ਘਰ ਦਾ ਗੁਜ਼ਾਰਾ ਚਲਾਉਣ ਲਈ ਇਕ ਬੁਢਾਪਾ ਪੈਨਸ਼ਨ ਦਾ ਹੀ ਸਹਾਰਾ ਸੀ, ਜੋ 8 ਮਹੀਨਿਆਂ ਤੋਂ ਨਹੀਂ ਮਿਲੀ, ਜਿਸ ਕਾਰਨ ਹੁਣ ਘਰ ਦਾ ਗੁਜ਼ਾਰਾ ਉਧਾਰ ਲੈ-ਲੈ ਕੇ ਬੜੀ ਮੁਸ਼ਕਲ ਨਾਲ ਚਲਾ ਰਹੇ ਹਾਂ। ਜਦੋਂ ਵੀ ਸਰਪੰਚ ਜਾਂ ਪੰਚ ਕੋਲੋਂ ਪੈਨਸ਼ਨ ਸਬੰਧੀ ਪੁੱਛਿਆ ਜਾਂਦਾ ਹੈ ਤਾਂ ਉਹ ਆਖਦੇ ਹਨ ਅਜੇ ਆਈ ਨਹੀਂ ਪਰ ਛੇਤੀ ਆ ਜਾਊ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੈਨਸ਼ਨ ਦੀ ਰੁਕੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਉਧਰ, ਇਸ ਸਬੰਧੀ ਪਿੰਡ ਦੇ ਸਰਪੰਚ ਤੀਰਥ ਰਾਮ ਨੇ ਮੰਨਿਆ ਕਿ ਬਜ਼ੁਰਗਾਂ ਦੀ ਪੈਨਸ਼ਨ ਕਈ ਮਹੀਨਿਆਂ ਦੀ ਆਈ ਨਹੀਂ। ਜਦੋਂ ਵੀ ਪੈਨਸ਼ਨ ਆਵੇਗੀ, ਉਹ ਤੁਰੰਤ ਬਜ਼ੁਰਗਾਂ ਨੂੰ ਦੇਣਗੇ।


Related News