ਵਿਸ਼ਵ ਦੇ ਕੋਨੇ-ਕੋਨੇ ਤੱਕ ਪਹੁੰਚੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼: ਲੌਂਗੋਵਾਲ

01/17/2018 6:30:52 PM

ਜਲੰਧਰ (ਚਾਵਲਾ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਜੋ 2019 ਵਿਚ ਆ ਰਿਹਾ ਹੈ, ਉਨ੍ਹਾਂ ਦਾ ਸੰਦੇਸ਼ ਵਿਸ਼ਵ ਦੇ ਕੋਨੇ-ਕੋਨੇ ਤਕ ਪਹੁੰਚਾਉਣ ਲਈ ਪੰਜਾਬ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਗਿਆ ਹੈ। ਮੰਗਲਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਦੇ ਗ੍ਰਹਿ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਵਿਚਾਰਾਂ ਕੀਤੀਆਂ ਗਈਆਂ। 
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਾਲ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਸੁਲਤਾਨਪੁਰ ਲੋਧੀ ਵਿਖੇ ਵੱਡੇ ਪੱਧਰ 'ਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਪ੍ਰਚਾਰ ਸਬੰਧੀ ਪੰਜਾਬ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਗਿਆ ਜਿਸ ਤਹਿਤ ਮਾਝਾ ਜ਼ੋਨ ਦਾ ਮੁੱਖ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਹੋਵੇਗਾ, ਦੋਆਬਾ ਜ਼ੋਨ ਮੁੱਖ ਕੇਂਦਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਅਤੇ ਮਾਲਵਾ ਜ਼ੋਨ ਦਾ ਮੁੱਖ ਕੇਂਦਰ ਤਖਤ ਸ੍ਰੀ ਦਮਦਮਾ ਸਾਹਿਬ ਹੋਵੇਗਾ, ਜਿਨ੍ਹਾਂ ਦੇ ਮੁਖੀ ਤਖਤਾਂ ਦੇ ਸਿੰਘ ਸਾਹਿਬਾਨ ਹੋਣਗੇ ਜਦਕਿ ਸਾਲ 2018 ਵਿਚ ਕਰਵਾਏ ਜਾ ਰਹੇ ਸਾਰੇ ਸਮਾਗਮ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਵਿਸ਼ਵ ਪੱਧਰ ਤਕ ਮਨਾਉਣ ਦੇ ਮਿੱਥੇ ਟੀਚੇ ਅਨੁਸਾਰ ਗੁਰਦੁਆਰਾ ਸ੍ਰ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਚ ਮਨਾਇਆ ਜਾ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿਚ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਾਂਗ ਜਿਸ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਵੱਡੇ ਪੱਧਰ ਮਨਾਇਆ ਜਿਸ ਨੂੰ ਸਾਰੇ ਸੰਸਾਰ ਨੇ ਦੇਖਿਆ ਹੈ, ਉਸੇ ਤਰ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਸਮਾਗਮਾਂ ਲਈ ਸਰਕਾਰ ਨੂੰ ਸਹਿਯੋਗ ਲਈ ਅਪੀਲ ਵੀ ਕਰਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਅਤੇ ਗੁਰੂ ਸਾਹਿਬ ਦਾ ਸਾਂਝੀਵਾਲਤਾ ਦਾ ਸੰਦੇਸ਼ ਘਰ ਘਰ ਤਕ ਪਹੁੰਚਾਉਣ ਲਈ ਸਮਾਗਮਾਂ ਦੀ ਲੜੀ ਆਰੰਭ ਹੋ ਚੁੱਕੀ ਹੈ। 
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿਰੀ ਸਾਹਿਬ ਅਤੇ ਸਿਰਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ, ਬਲਜੀਤ ਸਿੰਘ ਨੀਲਾ ਮਹਿਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸ਼੍ਰੋਮਣੀ ਕਮੇਟੀ ਦੇ ਐਡਵਾਈਜ਼ਰ ਮੈਂਬਰ ਭਗਵਾਨ ਸਿੰਘ ਜੌਹਲ, ਪਰਮਜੀਤ ਸਿੰਘ ਰਾਏਪੁਰ, ਰਣਜੀਤ ਸਿੰਘ ਕਾਹਲੋਂ, ਬੀਬੀ ਦਵਿੰਦਰ ਕੌਰ ਕਾਲਰਾ, ਗੁਰਦੀਪ ਸਿੰਘ ਕਾਲਰਾ, ਮਨਿੰਦਰਪਾਲ ਸਿੰਘ ਗੁੰਬਰ, ਹਰਨੂਰ ਸਿੰਘ ਮੰਨਣ, ਜਰਨੈਲ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਖਾਲਸਾ, ਗੁਰਦੀਪ ਸਿੰਘ ਨਾਗਰਾ, ਪਰਮਜੀਤ ਸਿੰਘ ਰੇਰੂ, ਸਤਿੰਦਰ ਸਿੰਘ ਪੀਤਾ, ਜਤਿੰਦਰ ਸਿੰਘ ਉਭੀ, ਗੁਰਜੀਤ ਸਿੰਘ ਮਰਵਾਹਾ, ਕੰਵਲਪ੍ਰੀਤ ਸਿੰਘ ਗੱਗੀ, ਤੇਜਿੰਦਰ ਸਿੰਘ, ਮੋਹਨ ਟਾਂਕ, ਰਵਿੰਦਰ ਸਿੰਘ ਬੱਬੂ ਆਦਿ ਹਾਜ਼ਰ ਸਨ।


Related News