ਭਾਈ ਲੌਂਗੋਵਾਲ ਦੀ ਅਗਵਾਈ ''ਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪਲੇਠੀ ਬੈਠਕ, ਲਏ ਗਏ ਅਹਿਮ ਫ਼ੈਸਲੇ

12/12/2017 7:14:45 PM

ਕਟਾਣਾ ਸਾਹਿਬ/ਦੋਰਾਹਾ (ਵਿਨਾਇਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਬੈਠਕ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ, ਕਟਾਣਾ ਸਾਹਿਬ (ਲੁਧਿਆਣਾ) ਵਿਖੇ ਹੋਈ। ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਵਿਦਿਅਕ ਅਦਾਰਿਆਂ ਅੰਦਰ ਧਰਮ ਪ੍ਰਚਾਰ ਦੇ ਪ੍ਰੋਗਰਾਮ, ਕਥਾ-ਕੀਰਤਨ, ਸਿੱਖ ਇਤਿਹਾਸ ਨਾਲ ਸਬੰਧਤ ਪ੍ਰਸ਼ਨੋਤਰੀ ਅਤੇ ਗੁਰਬਾਣੀ ਕੰਠ ਆਦਿ ਮੁਕਾਬਲੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੀਆਂ ਸਰਗਰਮੀਆਂ ਅਤੇ ਧਰਮ ਪ੍ਰਚਾਰ ਦੇ ਨਾਲ-ਨਾਲ ਵਿਦਿਅਕ ਅਤੇ ਸਿੱਖ ਸੱਭਿਆਚਾਰ ਨੂੰ ਦਰਸਾਉਂਦੇ ਕਾਰਜਾਂ ਨੂੰ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਤੱਕ ਪਹੁੰਚਾਉਣ ਲਈ ਇਕ ਵੱਖਰਾ ਵਿੰਗ ਸਥਾਪਤ ਕਰਨ ਅਤੇ ਇਸ ਕਾਰਜ ਲਈ ਤਕਨੀਕੀ ਮਾਹਿਰਾਂ ਦੀਆਂ ਸੇਵਾਵਾਂ ਲੈਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਅੰਤ੍ਰਿੰਗ ਕਮੇਟੀ ਨੇ ਸਿੱਖ ਨੌਜਵਾਨਾਂ ਆਈ.ਏ.ਐਸ. ਅਤੇ ਆਈ.ਪੀ.ਐਸ. ਦੀ ਉੱਚ ਪੱਧਰੀ ਕੋਚਿੰਗ ਦੇਣ ਲਈ ਅਕੈਡਮੀ ਖੋਲ੍ਹਣ ਦਾ ਫ਼ੈਸਲਾ ਵੀ ਕੀਤਾ।
29 ਨਵੰਬਰ 2017 ਨੂੰ ਨਵੀਂ ਚੁਣੀ ਗਈ ਅੰਤ੍ਰਿੰਗ ਕਮੇਟੀ ਦੀ ਅੱਜ ਹੋਈ ਪਲੇਠੀ ਇਕੱਤਰਤਾ ਤੋਂ ਬਾਅਦ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਕ ਜ਼ੋਰਦਾਰ ਧਰਮ ਪ੍ਰਚਾਰ ਲਹਿਰ ਚਲਾਈ ਜਾਵੇਗੀ ਅਤੇ ਇਸ ਦਾ ਖੇਤਰ ਆਮ ਸੰਗਤਾਂ ਦੇ ਨਾਲ-ਨਾਲ ਵਿਦਿਅਕ ਅਦਾਰਿਆਂ ਤੱਕ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਨਵੰਬਰ 2018 ਤੱਕ ਸ਼੍ਰੋਮਣੀ ਕਮੇਟੀ 1 ਲੱਖ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਉਣ ਲਈ ਪ੍ਰੇਰਿਤ ਕਰੇਗੀ ਅਤੇ ਇਸ ਲਹਿਰ ਤਹਿਤ ਹਰ ਹਫ਼ਤੇ ਇਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਖ਼ਾਲਸਾਈ ਪ੍ਰੰਪਰਾਵਾਂ ਅਤੇ ਰਵਾਇਤਾਂ ਅਨੁਸਾਰ ਕੌਮਾਂਤਰੀ ਪੱਧਰ 'ਤੇ ਮਨਾਉਣ ਲਈ ਵਿਚਾਰ-ਵਿਟਾਂਦਰੇ ਉਪਰੰਤ ਕੇਂਦਰੀ ਅਤੇ ਰਾਜ ਪੱਧਰੀ ਕਮੇਟੀਆਂ ਗਠਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਹ ਕਮੇਟੀਆਂ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਅਤੇ ਗੁ: ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਤਿਆਰ ਕਰਨਗੀਆਂ। ਉਨ੍ਹਾਂ ਦੱਸਿਆ ਕਿ ਦਸਮ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 22 ਦਸੰਬਰ ਨੂੰ ਗੁਰਬਾਣੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ ਅਤੇ ਇਹ ਹਰ ਸਾਲ ਮਨਾਇਆ ਜਾਵੇਗਾ।
ਇਕ ਹੋਰ ਅਹਿਮ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਮਹਾਨ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਧਰਮ ਪ੍ਰਚਾਰ ਕੇਂਦਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ-ਆਫ਼ਿਸ ਖੋਲ੍ਹੇ ਜਾਣਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ, ਟਰੱਸਟਾਂ ਅਤੇ ਵਿਦਿਅਕ ਅਦਾਰਿਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਰਹਿਤ ਮਰਿਯਾਦਾ ਦੀ ਉਲੰਘਣਾ ਕਰਨ, ਨਸ਼ਿਆਂ ਦੀ ਵਰਤੋਂ ਅਤੇ ਆਚਰਣਹੀਣਤਾ ਵਰਗੇ ਇਲਜ਼ਾਮ ਸਾਹਮਣੇ ਆਉਣ 'ਤੇ ਸੇਵਾ ਤੋਂ ਮੁਅੱਤਲ ਕਰਨ ਦੀ ਬਜਾਏ ਸਿੱਧਾ ਫਾਰਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਅਜਿਹੇ ਕਿਸੇ ਵੀ ਦੋਸ਼ੀ ਮੁਲਾਜ਼ਮ ਨੂੰ ਦੁਬਾਰਾ ਸਰਵਿਸ ਵਿਚ ਨਹੀਂ ਲਿਆ ਜਾਵੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅੰਦਰ ਅਨੁਸ਼ਾਸਨ ਬਣਾਈ ਰੱਖਣ ਲਈ ਬਾਇਓਮੈਟ੍ਰਿਕ ਹਾਜ਼ਰੀ ਤਕਨੀਕ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸਬੰਧਤ ਅਦਾਰਿਆਂ ਵਿਚ ਪਿਛਲੇ ਸਮੇਂ ਦੌਰਾਨ ਵਿਵਾਦਾਂ ਵਿਚ ਆਈਆਂ ਨਵੀਆਂ ਨਿਯੁਕਤੀਆਂ ਅਤੇ ਤਰੱਕੀਆਂ ਸਬੰਧੀ ਪੜਤਾਲ ਕਰਵਾਈ ਜਾਵੇਗੀ।


Related News