ਕਲੀਆਂ ਖਿਲਨ ਦਿਓ, ਮਹਿਕ ਬਿਖੇਰਨਗੀਆਂ ਫੁੱਲ ਬਣਕੇ ਆਪੇ

09/23/2017 12:05:31 AM

ਜ਼ੀਰਾ(ਅਕਾਲੀਆਂਵਾਲਾ)—ਬੇਟੀਆਂ ਸਾਡੇ ਸਮਾਜ ਦੀ ਸ਼ਾਨ ਹਨ। ਇਨ੍ਹਾਂ ਦੇ ਜੱਗ 'ਤੇ ਆਉਣ ਨਾਲ ਵੰਸ਼ ਦੇ ਚਿਰਾਗ ਜਗਦੇ ਹਨ। ਸਾਡਾ ਸਮਾਜ ਬੇਟੀਆਂ ਨੂੰ ਸਨਮਾਨ ਦੇਣ ਦੀਆਂ ਅਜਿਹੀਆਂ ਗੱਲਾਂ ਅਕਸਰ ਹੀ ਕਦੇ-ਕਦੇ ਜਨਤਕ ਤੌਰ 'ਤੇ ਕਰ ਰਿਹਾ ਹੈ ਪਰ ਜਦ ਬੇਟੀ ਆਪਣੇ ਘਰ ਪੈਦਾ ਹੁੰਦੀ ਹੈ ਤਾਂ ਬੇਟੀ ਦੀ ਅੱਖ ਸਾਡੇ ਘਰ ਖੁੱਲ੍ਹਦਿਆਂ ਹੀ ਸਾਡੀ ਰੂਹ ਉਦਾਸ ਹੋ ਜਾਂਦੀ ਹੈ ਅਤੇ ਮਾਪਿਆਂ ਦੀ ਅੱਖ 'ਚੋਂ ਪਾਣੀ ਵਹਿ ਤੁਰਦਾ ਹੈ। ਵਕਤ ਗੁਜ਼ਰਦੇ-ਗੁਜ਼ਰਦੇ ਸਾਡਾ ਇਸ ਬੇਟੀ ਨਾਲ ਮੋਹ ਵੀ ਪੈਦਾ ਹੋ ਜਾਂਦਾ ਹੈ। ਸਾਡੇ ਸੁਪਨੇ ਵੀ ਬੇਟੀਆਂ ਦੇ ਜਵਾਨ ਹੋਣ ਦੇ ਨਾਲ-ਨਾਲ ਜਵਾਨ ਹੋਣੇ ਸ਼ੁਰੂ ਹੋ ਜਾਂਦੇ ਹਨ। ਜਦ ਬੇਟੀਆਂ ਜਵਾਨ ਹੋ ਜਾਂਦੀਆਂ ਹਨ ਤਾਂ ਇਸ ਸਮਾਜ ਦੀ ਦੀਵਾਰ ਵਿਚ ਉਸ ਦੇ ਚਾਅ ਅਤੇ ਸੁਪਨੇ ਦਫਨ ਹੋ ਜਾਂਦੇ ਹਨ। ਅਜਿਹਾ ਨਹੀਂ ਕਿ ਬੇਟੀਆਂ ਵਿਚ ਕੋਈ ਕਲਾ ਨਹੀਂ ਹੁੰਦੀ ਸਭ ਕੁਝ ਹੁੰਦਾ ਹੈ। ਉਹ ਹਰ ਮੰਜ਼ਿਲ 'ਤੇ ਪੁੱਜ ਸਕਦੀ ਹੈ ਪਰ ਸਾਡਾ ਮਰਦ ਪ੍ਰਧਾਨ ਸਮਾਜ ਹੀ ਦੀਵਾਰ ਕਿਉਂ ਬਣ ਜਾਂਦਾ ਹੈ। ਜਿਸ ਮਾਤਾ-ਪਿਤਾ ਨੇ ਆਪਣੀ ਬੇਟੀ ਅੰਦਰ ਛੁਪੇ ਗੁਣ ਦੀ ਪਛਾਣ ਕਰ ਲਈ ਉਹ ਬੇਟੀਆਂ ਸਮਾਜ ਲਈ ਅਤੇ ਮਾਪਿਆਂ ਲਈ ਮਾਣ ਬਣ ਗਈਆਂ। ਸਮਾਜ ਚਾਹੇ ਬੇਟੀਆਂ 'ਤੇ ਕਿਸੇ ਨਾ ਕਿਸੇ ਤਰੀਕੇ ਉਂਗਲ ਉਠਾਉਂਦਾ ਹੈ ਪਰ ਜਦ ਇਹ ਕੋਮਲ ਕਲੀਆਂ ਫੁੱਲ ਬਣ ਕੇ ਸਮਾਜ 'ਚ ਮਹਿਕ ਬਿਖੇਰਦੀਆਂ ਹਨ ਤਾਂ ਫਿਰ ਓਹੀ ਸਮਾਜ ਸਿਰ ਝਕਾਉਂਦਾ ਹੈ। ਦੇਸ਼ ਭਰ ਵਿਚ 23 ਸਤੰਬਰ ਨੂੰ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਜਾਂਦਾ ਹੈ ਪਰ ਸਾਡਾ ਸਮਾਜ ਇਸ ਦਿਨ ਤੋਂ ਅਣਜਾਣ ਹੈ ਤੇ ਇਸ ਦਿਨ ਨੂੰ ਮਨਾਉਣ ਵਿਚ ਦਿਲਚਸਪੀ ਨਹੀਂ ਦਿਖਾ ਰਿਹਾ। 'ਜਗ ਬਾਣੀ' ਵੱਲੋਂ ਇਸ ਦਿਨ 'ਤੇ ਅਜਿਹੀਆਂ ਬੇਟੀਆਂ ਨਾਲ ਮੁਲਾਕਾਤ ਕੀਤੀ ਗਈ। ਜੋ ਆਪਣੇ ਅੰਦਰ ਛੁਪੀ ਕਲਾ ਜ਼ਰੀਏ ਆਪਣੀ ਛੋਟੀ ਉਮਰੇ ਵੱਡੀ ਉਡਾਰੀ ਮਾਰਨ ਦੇ ਜਜ਼ਬੇ ਵਿਚ ਹਨ।
ਸਮਾਜ ਦੀ ਸੋਚ ਬਦਲਣ ਦਾ ਦਮ ਰੱਖਦੀਆਂ ਨੇ ਇਹ ਬੇਟੀਆਂ
ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਦੀਆਂ ਵਿਦਿਆਰਥਣਾਂ ਜਸਲੀਨ ਕੌਰ, ਅਕਾਂਸ਼ਾ ਠਾਕੁਰ, ਕੁਲਵਿੰਦਰ ਕੌਰ, ਮਨਮੀਤ ਕੌਰ, ਅਨਮੋਲਦੀਪ ਕੌਰ ਤੇ ਹਰਕੀਰਤ ਕੌਰ ਚਾਹੇ ਉਮਰ ਵਿਚ ਛੋਟੀਆਂ ਹਨ ਪਰ ਇਨ੍ਹਾਂ ਦੀ ਸੋਚ ਸਮਾਜ ਨੂੰ ਬਦਲਣ ਦਾ ਜਜ਼ਬਾ ਰੱਖਦੀ ਹੈ। ਛੋਟੀ ਉਮਰ ਵਿਚ ਹੀ ਵੱਡੀਆਂ ਪ੍ਰਾਪਤੀਆਂ ਕਰ ਕੇ ਇਨ੍ਹਾਂ ਨੇ ਸਮਾਜ 'ਚ ਮਾਣ ਮਹਿਸੂਸ ਕੀਤਾ ਹੈ। ਜਸਲੀਨ ਕੌਰ ਅਤੇ ਅਕਾਂਸ਼ਾ ਠਾਕੁਰ ਨੇ ਆਈ. ਸੀ. ਐੱਸ. ਈ. ਦੀ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਜਿਥੇ ਪੜ੍ਹਾਈ ਦੇ ਖੇਤਰ ਵਿਚ ਪ੍ਰਸਿੱਧੀ ਹਾਸਲ ਕੀਤੀ, ਉਥੇ ਦੇਸ਼ ਦੀ ਸੇਵਾ ਕਰਨ ਦਾ ਵੀ ਪ੍ਰਣ ਕੀਤਾ ਹੈ। ਕੁਲਵਿੰਦਰ ਕੌਰ ਅਤੇ ਮਨਮੀਤ ਕੌਰ ਨੇ ਨੈਸ਼ਲਲ ਕਿੱਕ ਬਾਕਸਿੰਗ ਦੇ ਖੇਤਰ ਵਿਚ ਤਮਗੇ ਹਾਸਲ ਕਰ ਕੇ ਅੰਤਰਰਾਸ਼ਟਰੀ ਪੱਧਰ ਤੱਕ ਖੇਡਣ ਦੀ ਸੋਚ ਨੂੰ ਕਾਇਮ ਕੀਤਾ ਹੈ। ਅਨਮੋਲਦੀਪ ਕੌਰ ਤੇ ਹਰਕੀਰਤ ਕੌਰ ਨੇ ਬੈਡਮਿੰਟਨ ਖੇਡਾਂ ਵਿਚ ਰਾਸ਼ਟਰੀ ਪੱਧਰ ਤੱਕ ਪੁੱਜ ਕੇ ਇਸ ਗੱਲ ਦਾ ਪ੍ਰਣ ਕੀਤਾ ਹੈ ਕਿ ਉਹ ਖੇਡਾ ਰਾਹੀਂ ਇਸ ਇਲਾਕੇ ਦਾ ਨਾਂ ਰੌਸ਼ਨ ਕਰਨਗੀਆਂ। ਇਨ੍ਹਾਂ ਬੇਟੀਆਂ ਦਾ ਕਹਿਣਾ ਹੈ ਕਿ ਅਸੀਂ ਹਰ ਖੇਤਰ ਵਿਚ ਉਡਾਣ ਭਰ ਸਕਦੀਆਂ ਹਾਂ ਪਰ ਮਾਪੇ ਅਤੇ ਸਮਾਜ ਆਪਣੀ ਸੋਚ ਦੇ ਪੰਖ ਮਜ਼ਬੂਤ ਰੱਖਣ ਤੇ ਸਾਨੂੰ ਥਿਰਕਣ ਨਾ ਦੇਣ।


Related News