ਪੁੱਤ ਕੁੜੀ ਲੈ ਕੇ ਹੋ ਗਿਆ ਰਫੂਚੱਕਰ ਪਿੱਛੋਂ ਡਰਦੀ ਮਾਂ ਨੇ ਕਰ ਲਈ ਖੁਦਕੁਸ਼ੀ

01/17/2018 5:12:42 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) : ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਵਿਖੇ ਇਕ ਔਰਤ ਵਲੋਂ ਬੀਤੀ ਰਾਤ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਔਰਤ ਦੇ ਪਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਮਨਜੀਤ ਕੌਰ ਨੂੰ ਕੁਝ ਵਿਅਕਤੀਆਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਡਰਾਇਆ ਧਮਕਾਇਆ ਜਾ ਰਿਹਾ ਸੀ। ਵਜ੍ਹਾ ਇਹ ਕਿ ਮੇਰਾ ਲੜਕਾ ਹਰਪ੍ਰੀਤ ਸਿੰਘ ਜਿਸ ਦੇ ਪਿੰਡ ਦੀ ਹੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ, ਜਿਸ ਨੂੰ ਉਹ ਆਪਣੇ ਨਾਲ ਲੈ ਗਿਆ ਸੀ। ਜਿਸ ਕਰਕੇ ਲੜਕੀ ਦਾ ਪਰਿਵਾਰ ਉਨ੍ਹਾਂ 'ਤੇ ਲਗਾਤਾਰ ਦਬਾ ਬਣਾ ਰਿਹਾ ਸੀ। ਇਸ ਕਰਕੇ ਮੇਰੀ ਪਤਨੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਿਸ ਕਰਕੇ ਉਸ ਨੇ ਲੜਕੀ ਪਰਿਵਾਰ ਤੋਂ ਡਰਦਿਆਂ ਬੀਤੀ ਰਾਤ ਘਰ ਵਿਚ ਹੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਅਤੇ ਸਬ-ਇੰਸਪੈਕਟਰ ਬਲਰਾਜ ਮੋਹਨ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਗਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਸਬ ਇੰਸਪੈਕਟਰ ਬਲਰਾਜ ਮੋਹਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਮਨਜੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਦੇ ਬਿਆਨਾਂ ਤੇ ਜਗਜੀਤ ਸਿੰਘ, ਸਤਵੰਤ ਕੌਰ ਪਤਨੀ ਜਗਜੀਤ ਸਿੰਘ ਅਤੇ ਇਨ੍ਹਾਂ ਦੇ ਜਵਾਈ ਵਾਸੀ ਜਲਾਲ (ਬਠਿੰਡਾ) ਤੋਂ ਇਲਾਵਾ ਕੇਵਲ ਸਿੰਘ ਖਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਧਾਰਾ 306 ਆਈ.ਪੀ.ਸੀ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।


Related News