ਅਗਵਾ ਹੋਈ ਲੜਕੀ ਦੀ ਮਾਂ ਨੇ ਪੁਲਸ ''ਤੇ ਲਾਏ ਲਾਪਰਵਾਹੀ ਦੇ ਦੋਸ਼

01/17/2018 10:53:30 AM

ਗੁਰਦਾਸਪੁਰ (ਵਿਨੋਦ) - ਇਕ ਨਾਬਾਲਗ ਮੁਸਲਿਮ ਲੜਕੀ ਨੂੰ ਅਗਵਾ ਕਰਨ ਸਬੰਧੀ ਦੀਨਾਨਗਰ ਪੁਲਸ ਉਲਝ ਕੇ ਰਹਿ ਗਈ ਹੈ। ਅਗਵਾ ਹੋਈ ਮੁਸਲਿਮ ਲੜਕੀ ਸ਼ਕੀਨਾ ਦੀ ਮਾਂ ਬਸ਼ੀਰਾ ਦਾ ਦੋਸ਼ ਹੈ ਕਿ ਉਸ ਦੇ ਅੱਠ ਬੱਚਿਆਂ ਵਿਚੋਂ ਇਕ ਸ਼ਕੀਨਾ ਨੂੰ, ਜਿਸ ਨੂੰ ਰੋਸ਼ਨ ਨਾਂ ਦੇ ਗੁੱਜਰ ਨੇ ਅਗਵਾ ਕੀਤਾ ਸੀ, ਉਸ ਬਾਰੇ ਪੁਲਸ ਨੂੰ ਸਭ ਜਾਣਕਾਰੀ ਹੈ ਕਿ ਉਹ ਕਿੱਥੇ ਲੁਕਿਆ ਹੈ ਪਰ ਰਾਜਨੀਤਕ ਦਬਾਅ ਕਾਰਨ ਪੁਲਸ ਉਸ ਨੂੰ ਫੜ ਨਹੀਂ ਰਹੀ ਹੈ ਅਤੇ ਨਾ ਹੀ ਉਸ ਦੀ ਲੜਕੀ ਨੂੰ ਬਰਾਮਦ ਕਰ ਰਹੀ ਹੈ।
ਉਥੇ ਪੁਲਸ ਦਾ ਕਹਿਣਾ ਹੈ ਕਿ ਰੋਸ਼ਨ ਅਤੇ ਸ਼ਕੀਨਾ ਨੇ ਬਰਨਾਲਾ ਜਾ ਕੇ ਨਿਕਾਹ ਕਰਵਾ ਲਿਆ ਹੈ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੋਵਾਂ ਨੂੰ ਸੁਰੱਖਿਆ ਮੁਹੱਈਆਂ ਕਰਵਾਉਣ ਦਾ ਹੁਕਮ ਜਾਰੀ ਕਰ ਰੱਖਿਆ ਹੈ, ਜਿਸ ਕਾਰਨ ਅਸੀਂ ਰੋਸ਼ਨ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਅਜੇ ਮਜ਼ਬੂਰ ਹਾਂ ਪਰ ਪੁਲਸ ਨੇ ਇਸ ਮਾਮਲੇ ਵਿਚ ਬਸ਼ੀਰਾ ਦੀ ਸ਼ਿਕਾਇਤ 'ਤੇ ਦੀਨਾਨਗਰ ਪੁਲਸ ਸਟੇਸ਼ਨ ਵਿਚ ਰੋਸ਼ਨ ਵਿਰੁੱਧ ਧਾਰਾ 363,366 ਅਧੀਨ ਕੇਸ ਦਰਜ ਕੀਤਾ ਹੋਇਆ ਹੈ।
ਕੀ ਕਹਿੰਦੀ ਹੈ ਬਸ਼ੀਰਾ
'ਮੇਰੀ ਲੜਕੀ ਸ਼ਕੀਨਾ ਦਾ 29 ਦਸੰਬਰ 2017 ਨੂੰ ਰੋਸ਼ਨ ਗੁੱਜਰ ਵਾਸੀ ਅਵਾਂਖਾ ਨੇ ਅਗਵਾ ਕਰ ਲਿਆ ਸੀ ਅਤੇ ਉਦੋਂ ਤੋਂ ਉਹ ਆਪਣੀ ਲੜਕੀ ਨੂੰ ਬਰਾਮਦ ਕਰਨ ਲਈ ਰੋਜ਼ਾਨਾ ਦੀਨਾਨਗਰ ਪੁਲਸ ਦੇ ਚੱਕਰ ਲਾ ਰਹੀ ਹੈ। ਬਸ਼ੀਰਾ ਨੇ ਦੋਸ਼ ਲਾਇਆ ਕਿ ਪੁਲਸ ਨੂੰ ਪੂਰੀ ਜਾਣਕਾਰੀ ਹੈ ਕਿ ਰੋਸ਼ਨ ਤੇ ਸ਼ਕੀਨਾ ਕਿੱਥੇ ਹਨ ਪਰ ਰੋਸਨ ਦੇ ਇਕ ਰਿਸ਼ਤੇਦਾਰ ਦੇ ਸਥਾਨਕ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨਾਲ ਡੂੰਘੇ ਸਬੰਧ ਹੋਣ ਕਾਰਨ ਪੁਲਸ ਨਾ ਤਾਂ ਰੋਸ਼ਨ ਨੂੰ ਗ੍ਰਿਫ਼ਤਾਰ ਕਰ ਕਰ ਰਹੀ ਹੈ ਅਤੇ ਨਾ ਹੀ ਸ਼ਕੀਨਾ ਨੂੰ ਬਰਾਮਦ ਕਰ ਰਹੀ ਹੈ। ਜਦਕਿ ਸ਼ਕੀਨਾ ਨਾਬਾਲਗ ਹੈ ਅਤੇ ਉਸ ਦੀ ਬਰਾਮਦੀ ਨੂੰ ਲੈ ਕੇ ਅਸੀਂ ਸਾਰਾ ਪਰਿਵਾਰ ਪ੍ਰੇਸ਼ਾਨ ਹਾਂ। ਬਸ਼ੀਰਾ ਦਾ ਕਹਿਣਾ ਹੈ ਕਿ ਉਸ ਦਾ ਦੁੱਧ ਵੇਚਣ ਦਾ ਮੁੱਖ ਧੰਦਾ ਹੈ ਪਰ ਜਦ ਤੋਂ ਸ਼ਕੀਨਾ ਦਾ ਅਗਵਾ ਹੋਇਆ ਹੈ, ਉਹ ਉਦੋਂ ਤੋਂ ਦੁੱਧ ਵੇਚਣ ਲਈ ਵੀ ਨਹੀਂ ਜਾ ਰਹੀ ਹੈ ਅਤੇ ਆਪਣੇ ਪਤੀ ਦੇ ਨਾਲ ਰੋਜ਼ਾਨਾ ਪੁਲਸ ਸਟੇਸ਼ਨ ਦੇ ਚੱਕਰ ਕੱਟ ਰਹੀ ਹੈ।'
ਉਮਰ ਨੂੰ ਲੈ ਕੇ ਫਸਿਆ ਪੇਚ
ਉਥੇ ਸ਼ਕੀਨਾਂ ਦੀ ਉਮਰ ਨੂੰ ਲੈ ਕੇ ਪੇਚ ਫਸ ਗਿਆ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ਕੀਨਾ ਦੀ ਮਾਂ ਬਸ਼ੀਰਾ ਦਾ ਕਹਿਣਾ ਹੈ ਕਿ ਉਸ ਦੀ ਉਮਰ 15 ਸਾਲ 6 ਮਹੀਨੇ ਹੈ, ਜਦਕਿ ਸ਼ਕੀਨਾ ਨੇ ਨਿਕਾਹ ਸਮੇਂ ਆਪਣੀ ਉਮਰ 20 ਸਾਲ ਲਿਖਵਾਈ ਹੈ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਉਸ ਨੂੰ ਬਾਲਗ ਦੱਸਿਆ ਹੈ। ਸ਼ਕੀਨਾ ਦੇ ਸਾਹਮਣੇ ਆਉਣ 'ਤੇ ਉਸ ਦੀ ਉਮਰ ਸਬੰਧੀ ਸਥਿਤੀ ਸਾਫ ਹੋਵੇਗੀ, ਜਦੋਂ ਸ਼ਕੀਨਾ ਨਾਬਾਲਗ ਹੋਵੇਗੀ ਤਾਂ ਦਰਜ ਕੇਸ ਅਨੁਸਾਰ ਕਾਰਵਾਈ ਹੋਵੇਗੀ ਪਰ ਜੇਕਰ ਬਾਲਗ ਹੋਵੇਗੀ ਤਾਂ ਫਿਰ ਪੁਲਸ ਕੁਝ ਨਹੀਂ ਕਰ ਸਕੇਗੀ। 'ਇਸ ਮਾਮਲੇ ਵਿਚ ਦੀਨਾਨਗਰ ਪੁਲਸ ਨੇ ਬਸ਼ੀਰਾ ਦੇ ਬਿਆਨਾਂ ਦੇ ਆਧਾਰ 'ਤੇ ਰੋਸ਼ਨ ਗੁੱਜ਼ਰ ਵਿਰੁੱਧ ਉਸੇ ਦਿਨ ਧਾਰਾ 363 ਅਤੇ 366 ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। 
ਉਨ੍ਹਾਂ ਦੱਸਿਆ ਕਿ 9 ਜਨਵਰੀ 2018 ਨੂੰ ਸਾਨੂੰ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦਾ ਇਕ ਪੱਤਰ ਮਿਲਿਆ ਹੈ, ਜਿਸ ਵਿਚ ਪੁਲਸ ਨੂੰ ਹੁਕਮ ਦਿੱਤਾ ਗਿਆ ਹੈ ਕਿ ਰੋਸ਼ਨ ਅਤੇ ਸ਼ਕੀਨਾ ਨੇ ਬਰਨਾਲਾ ਵਿਚ ਨਿਕਾਹ ਕਰ ਲਿਆ ਹੈ ਅਤੇ ਇਹ ਨਿਕਾਹ ਵਿਧੀਵਤ ਮੌਲਵੀ ਨੇ ਕਰਵਾਇਆ ਹੈ। ਪੱਤਰ 'ਚ ਲਿਖਿਆ ਹੈ ਕਿ ਸ਼ਕੀਨਾ ਬਾਲਗ ਹੈ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਨਿਕਾਹ ਕੀਤਾ ਹੈ। ਰੋਸ਼ਨ ਅਤੇ ਸ਼ਕੀਨਾ ਨੂੰ ਖਤਰਾ ਹੈ ਇਸ ਲਈ ਇਨ੍ਹਾਂ ਦੋਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰੋਸ਼ਨ ਗੁੱਜਰ ਦਾ ਬਸ਼ੀਰਾ ਦੀ ਕਿਸੇ ਰਿਸ਼ਤੇਦਾਰ ਨਾਲ ਪਹਿਲਾਂ ਨਿਕਾਹ ਹੋਇਆ ਸੀ ਅਤੇ ਬਾਅਦ 'ਚ ਤਾਲਾਕ ਹੋ ਗਿਆ। ਬਸ਼ੀਰਾ ਪਰਿਵਾਰ 'ਚ ਰੋਸ਼ਨ ਦਾ ਆਉਣਾ ਜਾਣਾ ਸੀ ਅਤੇ ਜ਼ਿਆਦਾਤਰ ਉਹ ਬਸ਼ੀਰਾ ਦੇ ਕੋਲ ਹੀ ਰਹਿੰਦਾ ਸੀ, ਜਿਸ ਦਾ ਲਾਭ ਉਠਾ ਕੇ ਉਹ ਸ਼ਕੀਨਾ ਨੂੰ ਨਿਕਾਹ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ। -ਕੁਲਵਿੰਦਰ ਸਿੰਘ, ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ


Related News