ਮਾਂ-ਧੀ ਨੇ ਨਹਿਰ ''ਚ ਮਾਰੀ ਛਾਲ; ਮੌਤ (ਦੇਖੋ ਤਸਵੀਰਾਂ)

Monday, June 19, 2017 6:45 AM

  ਕਾਠਗੜ੍ਹ/ਬਲਾਚੌਰ (ਰਾਜੇਸ਼/ਬੈਂਸ, ਬ੍ਰਹਮਪੁਰੀ) - ਬੀਤੇ ਦਿਨ ਮਹਿੰਦਰੀਪੁਰ ਵਾਸੀ ਇਕ ਮਾਂ ਨੇ ਧੀ ਨਾਲ ਬਿਸਤ ਦੋਆਬ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵਾਂ ਦੀਆਂ ਲਾਸ਼ਾਂ ਅੱਜ ਬਿਸਤ ਦੋਆਬ 'ਚੋਂ ਬਰਾਮਦ ਕਰ ਕੇ ਥਾਣਾ ਕਾਠਗੜ੍ਹ ਦੀ ਪੁਲਸ ਨੇ ਕਾਰਵਾਈ ਆਰੰਭ ਦਿੱਤੀ। ਮ੍ਰਿਤਕਾ ਕੁਲਵਿੰਦਰ ਕੌਰ ਦੀ ਮਾਤਾ ਕਸ਼ਮੀਰ ਕੌਰ ਨੇ ਦੱਸਿਆ ਕਿ ਉਸ ਦੀ ਪੁੱਤਰੀ ਕੁਲਵਿੰਦਰ ਕੌਰ (35) ਦਾ ਵਿਆਹ ਮਾਣੇਵਾਲ ਦੇ ਆਰ.ਐੱਮ.ਪੀ. ਡਾਕਟਰ ਗੁਰਪਾਲ ਸਿੰਘ ਨਾਲ ਹੋਇਆ ਸੀ, ਜਿਨ੍ਹਾਂ ਦੀ ਇਕ ਪੁੱਤਰੀ ਜਸਕੀਰਤ ਕੌਰ (16) ਤੇ ਇਕ ਪੁੱਤਰ ਤੇਜਲਪ੍ਰੀਤ ਸਿੰਘ (6) ਹੈ। ਉਨ੍ਹਾਂ ਦੀ ਦੋਹਤੀ ਜਸਕੀਰਤ ਉਨ੍ਹਾਂ ਕੋਲ ਰਹਿੰਦੀ ਹੈ ਤੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ। ਬੀਤੇ ਦਿਨ ਬਾਅਦ ਦੁਪਹਿਰ ਕੁਲਵਿੰਦਰ ਕੌਰ ਨੇ ਉਨ੍ਹਾਂ ਨੂੰ ਫੋਨ 'ਤੇ ਕਿਹਾ ਕਿ ਉਹ ਆਪਣੀ ਧੀ ਨਾਲ ਕਿਸੇ ਰਿਸ਼ਤੇਦਾਰੀ 'ਚ ਜਾਣਾ ਚਾਹੁੰਦੀ ਹੈ, ਇਸ ਲਈ ਜਸਕੀਰਤ ਨੂੰ ਪਿੰਡ ਮਾਣੇਵਾਲ ਭੇਜ ਦਿਓ। ਉਨ੍ਹਾਂ ਆਪਣੀ ਦੋਹਤੀ ਨੂੰ ਟੈਂਪੂ 'ਚ ਬਿਠਾ ਕੇ ਮਾਣੇਵਾਲ ਪਿੰਡ ਵੱਲ ਰਵਾਨਾ ਕਰ ਦਿੱਤਾ, ਜਿਸ ਨੂੰ ਉਸ ਦੀ ਮਾਤਾ ਨੇ ਮੁੱਤੋ/ਸੁਧਾਮਾਜਰਾ ਬੱਸ ਅੱਡੇ ਤੋਂ ਲੈ ਲਿਆ। ਦੇਰ ਸ਼ਾਮ ਤੱਕ ਜਦੋਂ ਉਨ੍ਹਾਂ ਦੀ ਦੋਹਤੀ ਤੇ ਲੜਕੀ ਨਾਲ ਕੋਈ ਸੰਪਰਕ ਨਹੀਂ ਹੋਇਆ ਤਾਂ ਉਨ੍ਹਾਂ ਦੋਵਾਂ ਦੀ ਭਾਲ ਸ਼ੁਰੂ ਕੀਤੀ। ਅਗਲੀ ਸਵੇਰ ਕਾਠਗੜ੍ਹ ਦੀ ਪੁਲਸ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਮਾਂ-ਧੀ ਦੀਆਂ ਲਾਸ਼ਾਂ ਕਾਠਗੜ੍ਹ/ਸੁਧਾ ਮਾਜਰਾ ਕੋਲੋਂ ਬਿਸਤ ਦੋਆਬ ਨਹਿਰ 'ਚੋਂ ਮਿਲੀਆਂ।
  ਪਤੀ ਦੇ ਨਾਜਾਇਜ਼ ਸਬੰਧ ਬਣੇ ਖੁਦਕੁਸ਼ੀ ਦਾ ਕਾਰਨ
  ਮ੍ਰਿਤਕਾ ਦੀ ਮਾਤਾ ਕਸ਼ਮੀਰ ਕੌਰ ਨੇ ਦੋਸ਼ ਲਾਇਆ ਕਿ ਸਾਡੇ ਜਵਾਈ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਰਕੇ ਉਨ੍ਹਾਂ 'ਚ ਝਗੜਾ ਸੀ। ਇਸ ਸਬੰਧ 'ਚ 13 ਜੂਨ ਨੂੰ ਪਿੰਡ ਮਾਣੇਵਾਲ ਦੀ ਪੰਚਾਇਤ ਤੇ ਹੋਰ ਮੋਹਤਬਰ ਵਿਅਕਤੀਆਂ ਨੇ ਉਨ੍ਹਾਂ ਦੀ ਪੁੱਤਰੀ ਕੁਲਵਿੰਦਰ ਨੂੰ ਬਿਠਾ ਕੇ ਮਾਮਲਾ ਸੁਲਝਾਇਆ ਸੀ ਪਰ ਉਸ ਦਾ ਪਤੀ ਆਪਣੇ ਮਾੜੇ ਕੰਮਾਂ ਤੋਂ ਬਾਜ਼ ਨਹੀਂ ਆਇਆ। ਸਿੱਟੇ ਵਜੋਂ ਮੇਰੀ ਲੜਕੀ ਨੇ ਮੇਰੀ ਦੋਹਤੀ ਸਮੇਤ ਆਪਣੀ ਜੀਵਨ ਲੀਲਾ ਸਮਾਪਤ ਕੀਤੀ।
  ਪ੍ਰੇਮਿਕਾ ਨੂੰ ਔਰਤਾਂ ਚਾੜ੍ਹਿਆ ਕੁਟਾਪਾ
  ਇਸ ਘਟਨਾ ਤੋਂ ਭੜਕੀਆਂ ਪਿੰਡ ਦੀਆਂ ਔਰਤਾਂ ਨੇ ਮ੍ਰਿਤਕਾ ਦੇ ਪਤੀ ਦੀ ਪ੍ਰੇਮਿਕਾ ਨੂੰ ਫੜ ਕੇ ਉਸ ਨੂੰ ਚੰਗਾ ਕੁਟਾਪਾ ਚਾੜ੍ਹਿਆ। ਉਧਰ, ਪੁਲਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਗੁਰਪਾਲ ਸਿੰਘ ਤੇ ਉਸ ਦੀ ਪ੍ਰੇਮਿਕਾ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਫਿਲਹਾਲ ਦੋਵਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ।  ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!