ਗਿਆਨੀ ਗੁਰਬਚਨ ਸਿੰਘ ਦਾ ਬੰਦੀਛੋੜ ਦਿਵਸ ਮੌਕੇ ਦਿੱਤੇ ਜਾਣ ਵਾਲੇ ਸੰਦੇਸ਼ ਦਾ ਕੋਈ ਅਰਥ ਨਹੀਂ : ਦਲ ਖਾਲਸਾ

10/18/2017 9:43:48 AM


ਜਲੰਧਰ (ਚਾਵਲਾ) - ਦਲ ਖਾਲਸਾ ਨੇ ਸਿੱਖ ਪੰਥ ਅੰਦਰ ਬਣੇ ਤਣਾਅਪੂਰਣ ਅਤੇ ਖਾਨਾਜੰਗੀ ਵਰਗੇ ਮਾਹੌਲ ਲਈ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਅਤੇ ਉਸ ਦੇ ਸਿਆਸੀ ਆਕਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਗਿਆਨੀ ਗੁਰਬਚਨ ਸਿੰਘ ਨੂੰ ਉਸਦੇ ਗਲਤ ਫੈਸਲਿਆਂ ਕਰ ਕੇ ਦਾਗੀ ਅਤੇ ਵਿਵਾਦਿਤ 'ਜਥੇਦਾਰ' ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਬੰਦੀ ਛੋੜ ਦਿਵਸ 'ਤੇ ਦਿੱਤਾ ਜਾਣ ਵਾਲਾ ਸੰਦੇਸ਼ ਕੋਈ ਅਰਥ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਕੌਮ ਦਾ ਵੱਡਾ ਹਿੱਸਾ ਦੋ ਸਾਲ ਪਹਿਲਾਂ ਹੀ ਰੱਦ ਕਰ ਚੁੱਕਾ ਹੋਵੇ, ਉਸ ਦੇ ਸੰਦੇਸ਼ ਦਾ ਕੀ ਅਰਥ ਜਾਂ ਮਹਤੱਤਾ ਰਹਿ ਜਾਂਦੀ ਹੈ। 
ਬੰਦੀ ਛੋੜ ਦਿਵਸ ਦੇ ਸਮਾਗਮਾਂ ਨੂੰ ਲੈ ਕੇ ਬਣੇ ਤਣਾਅ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਦਲ ਖਾਲਸਾ ਆਗੂ ਨੇ ਕਿਹਾ ਕਿ ਗਿਆਨੀ ਗੁਬਰਚਨ ਸਿੰਘ ਦਾ ਅਹੁਦੇ 'ਤੇ ਬਣੇ ਰਹਿਣਾ ਹੀ ਸਾਰੀ ਸਮੱਸਿਆ ਦੀ ਜੜ੍ਹ ਹੈ। ਉਨ੍ਹਾਂ ਕਿਹਾ ਕਿ ਕੌਮ ਲਈ ਰੱਦ ਕੀਤੇ ਗਏ ਵਿਅਕਤੀ ਦਾ ਪਾਵਨ ਸਥਾਨ 'ਤੇ ਬੈਠ ਕੇ ਬਤੌਰ ਜਥੇਦਾਰ ਕਾਰਜ ਕਰਨਾ ਬਰਦਾਸ਼ਤ ਤੋਂ ਬਾਹਰ ਹੈ।
ਸਤਨਾਮ ਸਿੰਘ ਨੇ ਆਪਣੀ ਪਾਰਟੀ ਦੀ ਪੋਜ਼ੀਸ਼ਨ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਅਜਿਹੀ ਸਰਗਰਮੀ ਦਾ ਹਿੱਸਾ ਨਹੀਂ ਬਣਨਗੇ ਜਿਸ ਨਾਲ ਦਰਬਾਰ ਸਾਹਿਬ ਦੀ ਮਰਿਯਾਦਾ ਅਤੇ ਪਵਿੱਤਰਤਾ ਨੂੰ ਢਾਹ ਲੱਗਦੀ ਹੋਵੇ। ਉਨ੍ਹਾਂ ਕਿਹਾ ਕਿ ਉਹ ਸਿੱਖਾਂ ਵਿਚਾਲੇ ਦਰਬਾਰ ਸਾਹਿਬ ਜਾਂ ਕਿਸੇ ਵੀ ਗੁਰੂਘਰ ਅੰਦਰ ਜਿਸਮਾਨੀ ਟਕਰਾਅ ਦੇ ਵਿਰੁੱਧ ਹਨ ਕਿਉਂਕਿ ਇਸ ਨਾਲ ਸਿਰਫ ਸਿੱਖ ਕੌਮ ਦੇ ਅਕਸ ਨੂੰ ਹੀ ਢਾਹ ਨਹੀਂ ਲੱਗਦੀ, ਸਗੋਂ ਸਿੱਖਾਂ ਦੇ ਕੌਮੀ ਮਿਸ਼ਨ ਨੂੰ ਵੀ ਸੱਟ ਵੱਜਦੀ ਹੈ। ਉਨ੍ਹਾਂ ਕਿਹਾ ਕਿ ਉਹ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਆਪਣੀ ਸਿਧਾਂਤਕ ਲੜਾਈ ਜਾਰੀ ਰੱਖਣਗੇ ਅਤੇ ਇਸ ਲਈ ਸੰਗਤਾਂ ਨੂੰ ਲਾਮਬੰਦ ਵੀ ਕਰਨਗੇ।


Related News