ਗਊਮਾਤਾ ਠੰਡੀਆਂ ਰਾਤਾਂ ਖੁੱਲ੍ਹੇ ਆਸਮਾਨ ਹੇਠ ਕੱਟਣ ਲਈ ਮਜਬੂਰ

12/10/2017 7:45:13 AM

ਤਰਨਤਾਰਨ, (ਵਾਲੀਆ)-  ਸਾਡੇ ਸਮਾਜ 'ਚ ਭਾਵੇਂ ਗਊ ਨੂੰ ਗਊਮਾਤਾ ਦਾ ਰੁਤਬਾ ਦਿੱਤਾ ਗਿਆ ਹੈ ਪਰ ਵਧ ਰਹੇ ਮਸ਼ੀਨੀਕਰਨ ਕਾਰਨ ਅਤੇ ਵਿਦੇਸ਼ੀ ਗਊਆਂ ਦੇ ਵਧਣ ਨਾਲ ਗਊਮਾਤਾ ਦਾ ਸਤਿਕਾਰ ਬਹੁਤ ਘਟ ਗਿਆ ਹੈ। ਗਊਆਂ ਦੀ ਸਾਂਭ-ਸੰਭਾਲ ਲਈ ਭਾਵੇਂ ਪਿੰਡਾਂ ਤੇ ਸ਼ਹਿਰਾਂ 'ਚ ਗਊਸ਼ਾਲਾਵਾਂ ਖੋਲ੍ਹੀਆਂ ਗਈਆਂ ਹਨ ਪਰ ਗਊਆਂ ਦੀ ਗਿਣਤੀ ਵਧੇਰੇ ਹੋਣ ਕਰ ਕੇ ਬਣਾਈਆਂ ਗਈਆਂ ਗਊਸ਼ਾਲਾਵਾਂ ਵੀ ਛੋਟੀਆਂ ਹੁੰਦੀਆਂ ਜਾ ਰਹੀਆਂ ਹਨ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਗਊਸ਼ਾਲਾ ਦੇ ਨਾਂ 'ਤੇ ਵੀ ਉਗਰਾਹੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਇਹ ਪੈਸਾ ਗਊਆਂ ਦੀ ਸਾਂਭ-ਸੰਭਾਲ 'ਤੇ ਨਹੀਂ ਲਾਇਆ ਜਾ ਰਿਹਾ। 
ਗਊਸ਼ਾਲਾਵਾਂ ਅਤੇ ਗਊਧਾਮਾਂ 'ਚ ਵੀ ਦੁੱਧ ਦੇਣ ਵਾਲੀਆਂ ਗਊਆਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ, ਜਿਸ ਕਰ ਕੇ ਦੁੱਧਹੀਣ ਬੇਸਹਾਰਾ ਗਊਆਂ ਨੂੰ ਮੌਸਮੀ ਤੇ ਸਮਾਜਿਕ ਮਾਰਾਂ ਝੱਲਣੀਆਂ ਪੈ ਰਹੀਆਂ ਹਨ। ਭੁੱਖਮਰੀ ਦੀ ਹਾਲਤ 'ਚ ਘੁੰਮਣ ਵਾਲੀਆਂ ਗਊਆਂ ਜਿੱਥੇ ਖੇਤੀਬਾੜੀ ਲਈ ਨੁਕਸਾਨਦੇਹ ਸਾਬਤ ਹੁੰਦੀਆਂ ਹਨ, ਉੱਥੇ ਹੀ ਇਨ੍ਹਾਂ ਦੀ ਆਪਣੀ ਹਾਲਤ ਵੀ ਤਰਸਯੋਗ ਬਣੀ ਹੁੰਦੀ ਹੈ। ਠੰਡ ਅਤੇ ਬਰਸਾਤ ਦੇ ਮੌਸਮ 'ਚ ਖੁੱਲ੍ਹੇ ਆਸਮਾਨ ਹੇਠ ਰਾਤਾਂ ਕੱਟਣ ਲਈ ਮਜਬੂਰ ਗਊਆਂ ਦੀ ਜ਼ਖ਼ਮੀ ਹਾਲਤ 'ਚ ਵੀ ਕੋਈ ਵੀ ਸੰਸਥਾ ਜਾਂ ਵੈਟਰਨਰੀ ਵਿਭਾਗ, ਮੋਬਾਇਲ ਵੈਨ ਵਾਲਿਆਂ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਅਕਸਰ ਗਊ ਪ੍ਰੇਮੀਆਂ ਵੱਲੋਂ ਆਪਣੇ ਪੱਧਰ 'ਤੇ ਹੀ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। 
ਸਮਾਜ ਸੇਵੀ ਮੀਆਂ ਸੁਲੇਮਾਨ ਅਤੇ ਚਰਨ ਸਿੰਘ ਮੁਰਾਦਪੁਰ ਨੇ ਮੰਗ ਕੀਤੀ ਕਿ ਗਊਮਾਤਾ ਦੇ ਨਾਂ 'ਤੇ ਪੈਸਿਆਂ ਦੀ ਉਗਰਾਹੀ ਕਰਨ ਵਾਲੀਆਂ ਸੰਸਥਾਵਾਂ ਜ਼ਖ਼ਮੀ ਗਊਆਂ ਦੀ ਸੰਭਾਲ ਅਤੇ ਡਾਕਟਰੀ ਇਲਾਜ ਦਾ ਪ੍ਰਬੰਧ ਕਰਨ। 


Related News