ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ

06/24/2017 12:34:49 AM

ਰੂਪਨਗਰ, (ਵਿਜੇ)- ਨਾਰਥ ਜ਼ੋਨ ਗੌਰਮਿੰਟ ਟ੍ਰਾਂਸਪੋਰਟ ਸੰਘਰਸ਼ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁਲਾਜ਼ਮਾਂ ਨੇ ਗੇਟ ਰੈਲੀ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਬਾਰੇ ਕੀਤੀ ਜਾ ਰਹੀ ਦੇਰੀ ਖਿਲਾਫ ਪੰਜਾਬ ਰੋਡਵੇਜ਼/ਪੈਪਸੂ, ਸੀ. ਟੀ. ਯੂ., ਹਰਿਆਣਾ ਤੇ ਹਿਮਾਚਲ ਰੋਡਵੇਜ਼ ਦੇ ਵਰਕਰਾਂ 'ਚ ਰੋਸ ਹੈ ਕਿਉਂਕਿ ਇਸ ਫੈਸਲੇ ਨਾਲ ਸਿਰਫ ਪੰਜਾਬ ਰੋਡਵੇਜ਼ ਜਾਂ ਪੈਪਸੂ ਰੋਡਵੇਜ਼ ਦੀ ਆਮਦਨ 'ਚ ਹੀ ਵਾਧਾ ਨਹੀਂ ਹੋਣਾ, ਸਗੋਂ ਸੀ. ਟੀ. ਯੂ. ਹਿਮਾਚਲ ਤੇ ਹਰਿਆਣਾ ਰੋਡਵੇਜ਼ ਦੀ ਆਮਦਨ 'ਚ ਵੀ ਕਰੋੜਾਂ ਰੁਪਏ ਦਾ ਵਾਧਾ ਹੋਣਾ ਹੈ, ਜਿਸ ਕਾਰਨ ਨਾਰਥ ਜ਼ੋਨ ਦੀਆਂ ਸਾਰੀਆਂ ਯੂਨੀਅਨਾਂ ਨੇ ਇਕੱਠੇ ਹੋ ਕੇ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝਾ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ। ਆਗੂਆਂ ਨੇ ਮੰਗਾਂ ਜਲਦੀ ਮੰਨਣ ਦੀ ਮੰਗ ਕੀਤੀ।
ਸੂਬੇ ਦੇ ਐਕਟਿੰਗ ਪ੍ਰਧਾਨ ਗੁਰਦੇਵ ਸਿੰਘ (ਏਟਕ) ਤੇ ਕੰਡਕਟਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਗੁਰਦਿਆਲ ਸਿੰਘ ਨੇ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਵੱਖ-ਵੱਖ ਮੰਗਾਂ ਸਬੰਧੀ 28 ਜੂਨ ਨੂੰ ਸਾਂਝੀ ਮੀਟਿੰਗ ਕਰ ਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
ਰੈਲੀ ਨੂੰ ਜੁਆਇੰਟ ਸਕੱਤਰ ਤਰਲੋਚਨ ਸਿੰਘ, ਸੁਰਿੰਦਰ ਸਿੰਘ, ਸਤਵੰਤ ਸਿੰਘ, ਤਰਲੋਚਨ ਸਿੰਘ ਜਨਰਲ ਸਕੱਤਰ ਕਰਮਚਾਰੀ ਦਲ, ਜਗਜੀਤ ਸਿੰਘ ਪ੍ਰਧਾਨ, ਸੁਖਜਿੰਦਰ ਸਿੰਘ ਤੇ ਪਾਲ ਸਿੰਘ ਨੇ ਸੰਬੋਧਨ ਕੀਤਾ।


Related News