ਅਮਰੀਕੀ ਕੰਪਨੀ ਨੇ ਕੀਤੀ ਪੰਜਾਬ ''ਚ ਗੈਸ ਪਾਵਰ ਪਲਾਂਟ ਲਾਉਣ ਦੀ ਪੇਸ਼ਕਸ਼

10/13/2017 10:12:58 AM


ਜਲੰਧਰ (ਧਵਨ)—ਸੂਬੇ ਵਿਚ ਸਰਕਾਰ ਵਲੋਂ ਉਦਯੋਗਿਕ ਵਾਤਾਵਰਣ ਨੂੰ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਵੇਖਦਿਆਂ ਅਮਰੀਕੀ ਕੰਪਨੀ ਜਨਰਲ ਇਲੈਕਟ੍ਰਿਕ (ਜੀ. ਈ.) ਨੇ ਪੰਜਾਬ ਵਿਚ 2400 ਮੈਗਾਵਾਟ ਦਾ ਗੈਸ ਆਧਾਰਿਤ ਪਲਾਂਟ ਲਾਉਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਖਪਤਕਾਰਾਂ ਨੂੰ 4.81 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੀ ਸਪਲਾਈ ਕੀਤੀ ਜਾ ਸਕੇ। ਕੰਪਨੀ ਦੇ ਅਹੁਦੇਦਾਰਾਂ ਨੇ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਉਕਤ ਪੇਸ਼ਕਸ਼ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ 4 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ, ਜਿਸ ਨੂੰ 15 ਦਿਨਾਂ ਵਿਚ ਸਮੁੱਚੇ ਪ੍ਰਸਤਾਵ 'ਤੇ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਜੀ. ਈ. ਕੰਪਨੀ ਦੇ ਸੀ. ਈ. ਓ. ਦੀਪੇਸ਼ ਨੰਦਾ ਨੇ ਪ੍ਰਸਤਾਵ ਅਗਲੇ 15 ਦਿਨਾਂ ਵਿਚ ਪੇਸ਼ ਕਰਨ ਦੀ ਗੱਲ ਕਹੀ। ਮੁੱਖ ਮੰਤਰੀ ਵਲੋਂ ਗਠਿਤ ਕਮੇਟੀ ਵਿਚ ਊਰਜਾ ਵਿਭਾਗ ਦੇ ਪ੍ਰਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ (ਜਨਰੇਸ਼ਨ) ਐੱਮ. ਆਰ. ਪ੍ਰਹਾਰ ਤੇ ਡਾਇਰੈਕਟਰ ਫਾਇਨਾਂਸ ਐੱਸ. ਸੀ. ਅਰੋੜਾ ਤੋਂ ਇਲਾਵਾ ਵਧੀਕ ਸੀ. ਈ. ਓ. ਇਨਵੈਸਟ ਰਜਤ ਅਗਰਵਾਲ ਨੂੰ ਬਤੌਰ ਕਨਵੀਨਰ ਬਣਾਇਆ ਗਿਆ ਹੈ। ਕਮੇਟੀ ਵਲੋਂ ਮੁੱਖ ਮੰਤਰੀ ਨੂੰ ਦੱਸਿਆ ਜਾਵੇਗਾ ਕਿ ਗੈਸ ਆਧਾਰਿਤ ਪਾਵਰ ਪਲਾਂਟ ਲਾਉਣ ਲਈ ਆਈ. ਪੀ. ਪੀ. ਜਾਂ ਈ. ਪੀ. ਸੀ. ਵਿਚੋਂ ਕਿਹੜਾ ਮਾਡਲ ਅਪਣਾਇਆ ਜਾਵੇ। ਪਲਾਂਟ ਲਾਉਣ ਲਈ ਜਗ੍ਹਾ ਦੀ ਚੋਣ ਸਬੰਧੀ ਵੀ ਸਿਫਾਰਿਸ਼ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਰੋਪੜ ਦੇ ਨੇੜੇ ਪਲਾਂਟ ਲਾਉਣ ਦੀ ਗੱਲ ਕਹੀ ਹੈ ਕਿਉਂਕਿ ਥਰਮਲ ਪਲਾਂਟ 35 ਸਾਲ ਪੁਰਾਣਾ ਹੋ ਚੁੱਕਾ ਹੈ।
ਜੀ. ਈ. ਕੰਪਨੀ ਨੇ ਸੂਬੇ ਨਾਲ ਮਿਲ ਕੇ ਲੁਧਿਆਣਾ ਤੇ ਅੰਮ੍ਰਿਤਸਰ ਜਾਂ ਕਿਸੇ ਹੋਰ ਸਥਾਨ 'ਤੇ ਗੈਸ ਆਧਾਰਿਤ ਪਾਵਰ ਪਲਾਂਟ ਲਾਉਣ ਵਿਚ ਦਿਲਚਸਪੀ ਵਿਖਾਈ ਹੈ। ਮੁੱਖ ਮੰਤਰੀ ਮੰਨਦੇ ਹਨ ਕਿ ਤਜਵੀਜ਼ਤ ਗੈਸ ਪਲਾਂਟ ਨਾਲ ਸੂਬਾ ਸਰਕਾਰ ਦੇ ਕੰਢੀ ਖੇਤਰ ਨੂੰ ਇੰਡਸਟਰੀਅਲ ਜ਼ੋਨ ਦੇ ਰੂਪ ਵਿਚ ਵਿਕਸਿਤ ਕਰਨ ਦੇ ਪ੍ਰਸਤਾਵ ਨੂੰ ਹੱਲਾਸ਼ੇਰੀ ਮਿਲੇਗੀ, ਨਾਲ ਹੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਵੀ ਉਦਯੋਗਾਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਮੇਟੀ ਨੂੰ ਕਿਹਾ ਗਿਆ ਹੈ ਕਿ ਉਹ ਲੁਧਿਆਣਾ ਤੇ ਅੰਮ੍ਰਿਤਸਰ ਵਿਚ ਬਿਜਲੀ ਦੇ ਭਾਰੀ ਲੋਡ ਨੂੰ ਵੇਖਦਿਆਂ ਉਥੇ ਪਾਵਰ ਪਲਾਂਟ ਲਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ। ਕੰਪਨੀ ਨੇ ਇਸ ਸਮੇਂ ਦੇਸ਼ ਭਰ ਵਿਚ 150 ਗੈਸ ਪਾਵਰ ਪਲਾਂਟਾਂ ਵਿਚ 275 ਗੈਸ ਟਰਬਾਈਨਾਂ ਲਾਈਆਂ ਹੋਈਆਂ ਹਨ।


Related News