ਗੈਂਗਸਟਰ ਵਿੱਕੀ ਗੌਂਡਰ ਦੀ ਸੂਚਨਾ ''ਤੇ ਛਾਪੇਮਾਰੀ, ਹਤਿਆਰੇ ਕਾਬੂ

10/18/2017 3:13:25 AM

ਅੰਮ੍ਰਿਤਸਰ,  (ਸੰਜੀਵ)-  ਬਦਨਾਮ ਗੈਂਗਸਟਰ ਵਿੱਕੀ ਗੌਂਡਰ ਦੀ ਸੂਚਨਾ 'ਤੇ ਛਾਪੇ ਮਾਰਨ ਗਈ ਅੰਮ੍ਰਿਤਸਰ ਦਿਹਾਤੀ ਪੁਲਸ ਅਤੇ ਗੈਂਗਸਟਰਾਂ 'ਚ ਹੋਏ ਮੁਕਾਬਲੇ ਤੋਂ ਬਾਅਦ ਮਜੀਠਾ ਰੋਡ 'ਤੇ ਪੰਜਾਬ ਪੁਲਸ ਦੇ ਹੈੱਡਕਾਂਸਟੇਬਲ ਬਲਵਿੰਦਰ ਸਿੰਘ ਉਰਫ ਕਾਲੂ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਸਿਮਰਜੀਤ ਸਿੰਘ ਉਰਫ ਬਬਲੂ, ਜਸਕਰਨ ਸਿੰਘ, ਰੋਹਿਤ ਕੁਮਾਰ ਤੇ ਸੰਨੀ ਧਵਨ ਨੂੰ ਗ੍ਰਿਫਤਾਰ ਕਰਨ ਵਿਚ ਪੁਲਸ ਕਾਮਯਾਬ ਹੋਈ। ਗ੍ਰਿਫਤਾਰ ਕੀਤੇ ਗਏ ਉਕਤ ਚਾਰੇ ਗੈਂਗਸਟਰਾਂ ਦੇ ਕਬਜ਼ੇ 'ਚੋਂ ਵਿਦੇਸ਼ੀ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਹੋਇਆ। ਮੁੱਢਲੀ ਜਾਂਚ ਵਿਚ ਸਿਮਰਜੀਤ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੇ ਹੀ ਗੈਂਗਸਟਰ ਸ਼ੁਭਮ ਦੇ ਪਿਤਾ ਬਲਵਿੰਦਰ ਸਿੰਘ ਕਾਲੂ ਦਾ ਕਤਲ ਕੀਤਾ ਹੈ। ਉਸ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲਿਆ ਕਿਉਂਕਿ ਪਿਛਲੇ ਸਾਲ ਸ਼ੁਭਮ ਨੇ ਉਸ ਦੇ ਪਿਤਾ 'ਤੇ ਗੋਲੀਆਂ ਚਲਾ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ।
ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਭਾ ਜੇਲ ਬ੍ਰੇਕ ਕਾਂਡ ਵਿਚ ਸ਼ਾਮਲ ਬਦਨਾਮ ਗੈਂਗਸਟਰ ਵਿੱਕੀ ਗੌਂਡਰ ਦੇ ਸੰਪਰਕ ਵਿਚ ਹੋਣ ਦੀ ਸੰਭਾਵਨਾ ਹੈ। ਗੌਂਡਰ ਦੀ ਸੂਚਨਾ ਦਿਹਾਤੀ ਪੁਲਸ ਨੂੰ ਮਿਲੀ ਸੀ, ਜਿਸ ਦੀ ਗ੍ਰਿਫਤਾਰੀ ਲਈ ਭਾਰੀ ਪੁਲਸ ਫੋਰਸ ਜਦੋਂ ਪਿੰਡ ਹਰਿਆ ਗਈ ਤਾਂ ਉਥੋਂ ਕਾਂਸਟੇਬਲ ਦੇ ਕਤਲ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਦੋਂ ਕਿ ਅਜੇ ਗੌਂਡਰ ਪੁਲਸ ਦੀ ਗ੍ਰਿਫਤਾਰੀ ਤੋਂ ਦੂਰ ਹੈ।
ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਇਹ ਖੁਲਾਸਾ ਅੱਜ ਪੁਲਸ ਲਾਈਨ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕਤਲ ਮਜੀਠਾ ਰੋਡ 'ਤੇ ਹੋਇਆ ਸੀ ਪਰ ਇਸ ਦੀ ਸੂਚਨਾ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੂੰ ਮਿਲੀ, ਜਿਸ 'ਤੇ ਉਨ੍ਹਾਂ ਨੇ ਆਪਣੀ ਵਿਸ਼ੇਸ਼ ਟੀਮ ਨਾਲ ਪੂਰੇ ਆਪ੍ਰੇਸ਼ਨ ਨੂੰ ਲੀਡ ਕੀਤਾ ਅਤੇ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ 20 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਜਿਨ੍ਹਾਂ ਵਿਚ ਲੁੱਟ-ਖੋਹ, ਕਤਲ, ਗੱਡੀਆਂ ਖੋਹਣਾ, ਫਿਰੌਤੀ ਜਿਹੇ ਗੰਭੀਰ ਦੋਸ਼ ਸ਼ਾਮਲ ਹਨ। ਸਿਮਰਜੀਤ ਸਿੰਘ ਉਰਫ ਬਬਲੂ ਵਿਰੁੱਧ ਸ਼ਹਿਰੀ ਥਾਣਿਆਂ ਵਿਚ 7 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਕਈ ਹੋਰ ਥਾਣਿਆਂ ਵਿਚ ਵੀ ਮੁਲਜ਼ਮ ਲੋੜੀਂਦੇ ਚੱਲ ਰਹੇ ਹਨ।
ਜ਼ਿਕਰਯੋਗ ਹੈ ਕਿ 4 ਅਕਤੂਬਰ ਦੀ ਰਾਤ ਨੂੰ ਸਿਮਰਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਪਿਤਾ ਦਾ ਬਦਲਾ ਲੈਣ ਲਈ ਗੈਂਗਸਟਰ ਸ਼ੁਭਮ ਦੇ ਪਿਤਾ ਬਲਵਿੰਦਰ ਸਿੰਘ ਉਰਫ ਕਾਲੂ ਨੂੰ ਸਰੇਬਾਜ਼ਾਰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰਿਆ ਸੀ।


Related News