ਗੈਂਗਸਟਰ ਸ਼ੇਰਾ ਖੁੱਬਣ ਗਰੁੱਪ ਨੇ ਫੇਸਬੁੱਕ ''ਤੇ ਦੋਸ਼ੀਆਂ ਨੂੰ ਸਬਕ ਸਿਖਾਉਣ ਦੀ ਦਿੱਤੀ ਧਮਕੀ

12/13/2017 6:01:54 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਅਕਾਲੀ ਮਹਿਲਾ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਨੂੰ ਅਰਧ ਨਗਨ ਕਰ ਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਰੋਜ਼ਾਨਾ ਨਵੇਂ ਮੋੜ ਆ ਰਹੇ ਹਨ। ਪਹਿਲਾਂ ਇਸ ਮਾਮਲੇ ਨਾਲ ਸਿਆਸੀ ਪਾਰਟੀਆਂ, ਮਹਿਲਾ ਸੰਗਠਨ ਅਤੇ ਸਮਾਜ ਸੇਵੀ ਸੰਸਥਾਵਾਂ ਹੀ ਜੁੜੀਆਂ ਹੋਈਆਂ ਸਨ ਪਰ ਹੁਣ ਇਸ ਮਾਮਲੇ ਵਿਚ ਗੈਂਗਸਰ ਵੀ ਕੁੱਦ ਪਏ ਹਨ।  ਗੈਂਗਸਟਰ ਸ਼ੇਰਾ ਖੁੱਬਣ ਗਰੁੱਪ ਨੇ ਫੇਸਬੁੱਕ 'ਤੇ ਉਕਤ ਮਹਿਲਾ ਅਕਾਲੀ ਆਗੂ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਸੋਧਣ ਦੀ ਧਮਕੀ ਦਿੱਤੀ ਹੈ ਅਤੇ ਗਾਲ੍ਹਾਂ ਕੱਢੀਆਂ ਹਨ।  ਨਾਲ ਹੀ ਲਿਖਿਆ ਹੈ ਕਿ ਪੰਜਾਬ ਪੁਲਸ ਨੇ ਪੀੜਤ ਔਰਤ ਦੇ ਸਹੀ ਢੰਗ ਨਾਲ ਬਿਆਨ ਦਰਜ ਨਹੀਂ ਕੀਤੇ, ਜਿਸ ਕਾਰਨ ਦੋਸ਼ੀ ਜ਼ਮਾਨਤ ਲੈਣ ਵਿਚ ਕਾਮਯਾਬ ਹੋ ਗਏ। ਪਿਸਤੌਲ ਲਿਆਉਣ ਦੇ ਮਾਮਲੇ ਵਿਚ ਵੀ ਗੈਂਗਸਟਰ ਨੇ ਦੋਸ਼ੀਆਂ 'ਤੇ ਟਿੱਪਣੀ ਕੀਤੀ ਹੈ। ਫੇਸ ਬੁੱਕ 'ਤੇ ਪਈ ਇਹ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 
ਡੂੰਘਾਈ ਨਾਲ ਕੀਤੀ ਜਾਵੇਗੀ ਜਾਂਚ : ਐੱਸ. ਐੱਸ. ਪੀ.
ਜਦੋਂ ਇਸ ਸਬੰਧੀ ਐੈੱਸ. ਐੈੱਸ. ਪੀ. ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਇਸ ਗੱਲ ਦੀ ਜਾਂਚ ਕਰੇਗੀ, ਜਿਸ ਥਾਂ ਤੋਂ ਫੇਸਬੁੱਕ 'ਤੇ ਪੋਸਟ ਪਾਈ ਗਈ ਹੈ, ਉਥੋਂ ਦਾ ਐਡਰੈੱਸ ਪਤਾ ਕਰਨ ਲਈ ਫੇਸਬੁੱਕ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਚਿੱਠੀ ਲਿਖੀ ਜਾਵੇਗੀ। ਪਤਾ ਮਿਲਣ ਤੋਂ ਬਾਅਦ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ। ਕਈ ਵਾਰ ਫਰਜ਼ੀ 'ਆਈ ਡੀ' ਵੀ ਬਣਾ ਕੇ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਦਿੱਤੀਆਂ ਜਾਂਦੀਆਂ ਹਨ। ਵਿਦੇਸ਼ਾਂ ਤੋਂ ਵੀ ਇਸ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਜਾਂਦੀਆਂ ਹਨ। 
ਮਹੰਤ ਦੀ ਪਤਨੀ ਅਤੇ ਪੁੱਤਰ ਪੁਲਸ ਜਾਂਚ 'ਚ ਹੋਏ ਸ਼ਾਮਲ 
ਡੀ. ਐੱਸ. ਪੀ. (ਡੀ) ਕੁਲਦੀਪ ਸਿੰਘ ਵਿਰਕ ਨੇ ਦੱਸਿਆ ਕਿ ਮਹੰਤ ਦੀ ਪਤਨੀ ਰਾਜਵਿੰਦਰ ਕੌਰ ਅਤੇ ਉਸ ਦਾ ਪੁੱਤਰ ਸੋਮਨਾਥ ਸੋਨਾ ਨੂੰ ਅਦਾਲਤ ਨੇ ਪਹਿਲਾਂ ਹੀ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਦੇ ਹੁਕਮਾਂ 'ਤੇ ਅੱਜ ਉਹ ਪੁਲਸ ਤਫਤੀਸ਼ ਵਿਚ ਸ਼ਾਮਲ ਹੋਏ। ਮੁਲਜ਼ਮ ਵਿਜੇ ਕੁਮਾਰ ਬੰਟੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਪੁਲਸ ਰਿਮਾਂਡ ਖਤਮ ਹੋਣ 'ਤੇ ਅਦਾਲਤ ਨੇ ਉਸ ਨੂੰ ਜੇਲ ਭੇਜ ਦਿੱਤਾ ਹੈ ਜਦੋਂ ਕਿ ਚੌਥਾ ਦੋਸ਼ੀ ਅਜੇ ਵੀ ਫਰਾਰ ਹੈ।


Related News