ਗੈਂਗਸਟਰ ਜਸਵਿੰਦਰ ਰੌਕੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਇਆ ਅੰਤਿਮ ਸੰਸਕਾਰ (ਵੀਡੀਓ)

05/02/2016 4:30:44 PM

ਚੰਡੀਗੜ੍ਹ : ਸ਼ਨੀਵਾਰ ਸਵੇਰੇ ਹਿਮਾਚਲ ਵਿਚ ਮਾਰੇ ਗਏ ਗੈਂਗਸਟਰ ਤੋਂ ਸਿਆਸਤਦਾਨ ਬਣੇ ਜਸਵਿੰਦਰ ਸਿੰਘ ਰੌਕੀ ਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਝੁੱਗੀਆਂ ਕਹਿਰ ਸਿੰਘ ਵਿਖੇ ਉਸਦੀ ਜੱਦੀ ਜ਼ਮੀਨ ''ਤੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ''ਚ ਸਿਆਸਤਦਾਨਾਂ ਅਤੇ ਸਥਾਨਕ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਰੌਕੀ ਦੇ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।
ਇਸਤੋਂ ਪਹਿਲਾਂ ਰੌਕੀ ਦੀ ਲਾਸ਼ ਦਾ ਪੋਸਟਮਾਰਟਮ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈ. ਜੀ. ਐੱਮ. ਸੀ.) ਹਸਪਤਾਲ ਵਿਚ ਹੋਇਆ। ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਣ ਰੌਕੀ ਦੇ ਮੱਥੇ ਵਿਚ ਵੱਜੀ ਗੋਲੀ ਦੱਸੀ ਗਈ ਹੈ, ਜੋ ਉਸ ਨੂੰ ਏਨੀ ਨੇੜਿਓਂ ਮਾਰੀ ਗਈ ਕਿ ਮੱਥੇ ਦੇ ਆਰ-ਪਾਰ ਹੋ ਗਈ। ਰਿਪੋਰਟ ਮੁਤਾਬਕ ਕਾਤਲ ਨੇ ਪੂਰੀ ਤਸੱਲੀ ਨਾਲ ਰੌਕੀ ''ਤੇ ਨਿਸ਼ਾਨਾ ਸਾਧਿਆ। ਅਤੇ ਗੱਡੀ ਵਿਚ ਏਨਾ ਸਟੀਕ ਨਿਸ਼ਾਨਾ ਲਗਾਉਣਾ ਕਿਸੇ ਸ਼ਾਰਪ ਸ਼ੂਟਰ ਦਾ ਹੀ ਕੰਮ ਹੋ ਸਕਦਾ ਹੈ।
ਆਈ. ਜੀ. ਐੱਮ. ਸੀ. ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਮੇਸ਼ ਨੇ ਦੱਸਿਆ ਕਿ ਰੌਕੀ ਦੀ ਮੌਤ ਦਾ ਕਾਰਣ ਉਸਦੇ ਮੱਥੇ ਵਿਚ ਵੱਜੀ ਗੋਲੀ ਸੀ। ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। 
ਉਧਰ ਪੀ. ਜੀ. ਆਈ. ਵਿਚ ਇਲਾਜ ਅਧੀਨ ਰੌਕੀ ਦੇ ਡਰਾਈਵਰ ਤੇ ਰਿਸ਼ਤੇਦਾਰ ਪਰਮ ਪਾਲ ਪਾਲੀ ਨੇ ਰੌਕੀ ਨੂੰ ਗੋਲੀ ਮਾਰਨ ਵਾਲੇ ਦੋਵਾਂ ਸ਼ੂਟਰਾਂ ਨੂੰ ਪਛਾਣ ਲਿਆ ਹੈ। ਪਾਲੀ ਨੇ ਹਿਮਾਚਲ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਰੌਕੀ ਨੂੰ ਪਿਸਟਲ ਨਾਲ ਗੋਲੀ ਮਾਰਨ ਵਾਲਾ ਜੈਪਾਲ ਗੈਂਗ ਦਾ ਮੁਖ ਗੈਂਗਸਟਰ ਜੈਪਾਲ ਆਪ ਸੀ ਜਦੋਂ ਕਿ ਉਸਦੇ ਨਾਲ ਤੀਰਥ ਵੀ ਸੀ। ਟੋਲ ਪਲਾਜ਼ਾ ਦੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਅਤੇ ਫੋਰਲੇਨ ਦੇ ਕੰਮ ''ਚ ਲੱਗੇ ਮਜ਼ਦੂਰਾਂ ਨੇ ਵੀ ਇਸਦੀ ਸ਼ਨਾਖਤ ਕੀਤੀ ਹੈ।
ਪੁਲਸ ਮੁਤਾਬਕ ਪੂਰਾ ਜੈਪਾਲ ਗੈਂਗ ਅੰਡਰਗਰਾਊਂਡ ਹੈ ਅਤੇ ਉਨ੍ਹਾਂ ਨੂੰ ਫੜਣ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 2 ਪੰਜਾਬ ਅਤੇ ਇਕ ਹਰਿਆਣਾ ਲਈ ਤਿਆਰ ਹੋਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੈਪਾਲ ਗੈਂਗ ਹਰਿਆਣਾ ਤੋਂ ਵੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਇਸਲਈ ਪੁਲਸ ਹਰਿਆਣਾ ਵਿਚ ਵੀ ਉਸਦੀ ਭਾਲ ਕਰ ਰਹੀ ਹੈ।


Related News