ਗੈਂਗਸਟਰ ਗਗਨਦੀਪ ਦਾ ਦੂਸਰਾ ਸਾਥੀ ਵੀ ਕਾਬੂ

08/15/2017 6:36:00 AM

ਚੋਹਲਾ ਸਾਹਿਬ,  (ਨਈਅਰ)-  ਕੁਝ ਦਿਨ ਪਹਿਲਾਂ ਚੋਹਲਾ ਸਾਹਿਬ ਦੀ ਪੁਲਸ ਪਾਰਟੀ ਵੱਲੋਂ ਕਾਰ ਸਮੇਤ ਕਾਬੂ ਕੀਤੇ ਗਏ ਗੈਂਗਸਟਰ ਗਗਨਦੀਪ ਸਿੰਘ ਦੇ ਰਿਮਾਂਡ ਦੌਰਾਨ ਪੁਲਸ ਦੇ ਚੁੰਗਲ 'ਚੋਂ ਫਰਾਰ ਹੋ ਜਾਣ ਵਾਲੇ ਉਸ ਦੇ ਤਿੰਨ ਸਾਥੀਆਂ 'ਚੋਂ ਪੁਲਸ ਨੇ ਇਕ ਹੋਰ ਗੈਂਗਸਟਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਤਫਤੀਸ਼ ਦੌਰਾਨ ਗੈਂਗਸਟਰਾਂ ਵੱਲੋਂ ਵਾਰਦਾਤ ਦੌਰਾਨ ਵਰਤੀ ਗਈ ਕਾਰ ਵੀ ਹਥਿਆਰਾਂ ਦੀ ਨੋਕ 'ਤੇ ਖੋਹੇ ਜਾਣ ਦੀ ਪੁਸ਼ਟੀ ਹੋਈ ਹੈ।  ਗੈਂਗਸਟਰ ਗਗਨਦੀਪ ਸਿੰਘ ਦੇ ਲਏ ਗਏ ਰਿਮਾਂਡ ਦੌਰਾਨ ਪੁਲਸ ਪਾਰਟੀ ਵੱਲੋਂ ਮੌਕੇ ਤੋਂ ਭੱਜਣ ਵਾਲੇ ਇਕ ਹੋਰ ਗੈਂਗਸਟਰ ਗੁਰਭੇਜ ਸਿੰਘ ਉਰਫ ਭੇਜਾ ਵਾਸੀ ਧੁੰਨ ਢਾਏ ਵਾਲਾ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਐੱਸ. ਐੱਚ. ਓ. ਸੁਖਰਾਜ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਹਾਂ ਗੈਂਗਸਟਰਾਂ ਨੇ ਮੰਨਿਆ ਕਿ ਵਾਰਦਾਤ ਦੌਰਾਨ ਵਰਤੀ ਗਈ ਕਾਰ 'ਤੇ ਫਰਜ਼ੀ ਨੰਬਰ ਲਾਇਆ ਸੀ, ਜੋ ਉਨ੍ਹਾਂ ਨੇ 3 ਅਗਸਤ ਨੂੰ ਬਲਵਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਕੋਕਰੀ ਖੁਰਦ ਜ਼ਿਲਾ ਮੋਗਾ ਤੋਂ ਹਥਿਆਰਾਂ ਦੀ ਨੋਕ 'ਤੇ ਖੋਹੀ ਸੀ।
 ਐੱਸ. ਐੱਚ. ਓ. ਨੇ ਦੱਸਿਆ ਕਿ ਕਾਰ ਦਾ ਅਸਲ ਨੰਬਰ ਪੀ. ਬੀ. 29 ਪੀ. 3794 ਹੈ ਅਤੇ ਕਾਰ ਖੋਹੇ ਜਾਣ ਸਬੰਧੀ ਕਾਰ ਮਾਲਕ ਵੱਲੋਂ ਪੁਲਸ ਥਾਣਾ ਜਗਰਾਓਂ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਹੋਈ ਸੀ। ਐੱਸ. ਐੱਚ. ਓ. ਨੇ ਕਿਹਾ ਕਿ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਇਨ੍ਹਾਂ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


Related News