ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਦਾ ਮੈਂਬਰ ਹਨੀ ਸਾਥੀ ਸਮੇਤ ਕਾਬੂ, ਲੁਧਿਆਣਾ 'ਚ ਕਰਨਾ ਚਾਹੁੰਦੇ ਸੀ ਵੱਡੀ ਵਾਰਦਾਤ

08/17/2017 7:15:07 PM

ਲੁਧਿਆਣਾ/ਹੁਸ਼ਿਆਰਪੁਰ— ਪੁਲਸ ਕਮਿਸ਼ਨਰੇਟ ਲੁਧਿਆਣਾ ਨੇ ਨਾਮੀ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਗੈਂਗ ਦੇ ਮੈਂਬਰ ਅਤੇ ਹੱਤਿਆ ਦੇ ਕੇਸ 'ਚ ਭਗੌੜਾ ਹੋਣ ਤੋਂ ਬਾਅਦ ਲੁਧਿਆਣਾ 'ਚ ਲੁੱਕ ਕੇ ਬੈਠੇ ਹਨੀ ਕੁਮਾਰ ਉਰਫ ਕੱਟੀ ਵਾਸੀ ਪਿੰਡ ਰਾਮਪੁਰ ਹੁਸ਼ਿਆਰਪੁਰ ਅਤੇ ਉਸ ਦੇ ਪਨਾਹਗਾਰ ਮਨਦੀਪ ਸਿੰਘ ਉਰਫ ਨਗੀਨਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਲੁਧਿਆਣੇ 'ਚ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰ ਰਹੇ ਸਨ ਅਤੇ ਮਹਾਨਗਰ ਦੇ ਏ. ਟੀ. ਐੱਮ. ਗਾਰਡ ਤੋਂ ਹਥਿਆਰ ਖੋਹ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ 'ਚ ਸਨ। ਇਨ੍ਹਾਂ ਦਾ ਇਕ ਸਾਥੀ ਸਿਕੰਦਰ ਉਰਫ ਸਾਹੰਸੀ ਵਾਸੀ ਤਰਨਤਾਰਨ ਅਜੇ ਫਰਾਰ ਹੈ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਅਤੇ ਉਸ ਦੇ ਸਾਥੀ ਦੇ ਕਬਜ਼ੇ 'ਚੋਂ ਤਿੰਨ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਤੋਂ ਇਲਾਵਾ ਇਕ ਚੋਰੀ ਦੀ ਸਵਿੱਫਟ ਕਾਰ ਵੀ ਬਰਾਮਦ ਕੀਤੀ ਹੈ। ਦੋਵੇਂ ਹੀ ਦੋਸ਼ੀਆਂ 'ਤੇ ਅਪਰਾਧਕ ਮਾਮਲੇ ਦਰਜ ਹਨ। 
ਪ੍ਰੈੱਸ ਵਾਰਤਾ ਦੌਰਾਨ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ 'ਚ ਹੱਤਿਆ ਦੇ ਕੇਸ 'ਚ ਭਗੌੜਾ ਹਨੀ ਕੁਮਾਰ ਲੁਧਿਆਣਾ 'ਚ ਲੁਕਿਆ ਹੋਇਆ ਹੈ ਅਤੇ ਉਸ ਦੇ ਇਕ ਸਾਥੀ ਮਨਦੀਪ ਸਿੰਘ ਨੇ ਉਸ ਨੂੰ ਪਨਾਹ ਦਿੱਤੀ ਹੈ ਜੋਕਿ ਸ਼ਰਾਬ ਵੇਚਣ ਦਾ ਧੰਦਾ ਕਰ ਰਹੇ ਹਨ। ਇਸ ਦੌਰਾਨ ਉਹ ਲੁਧਿਆਣਾ 'ਚ ਏ. ਟੀ. ਐੱਮ. ਗਾਰਡ ਨੂੰ ਲੁੱਟਣ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸੇ ਦੌਰਾਨ ਛਾਪਾ ਮਾਰ ਕੇ ਸੀ. ਆਈ. ਏ. ਵਨ ਦੀ ਪੁਲਸ ਨੇ ਦੋਹਾਂ ਨੂੰ ਕਾਬੂ ਕਰ ਲਿਆ। ਹਨੀ, ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਗੈਂਗ ਦਾ ਸਾਥੀ ਹੈ, ਜੋ ਕਿ ਗੈਂਗਸਟਰ ਹਰਿੰਦਰ ਸਿੰਘ ਰਿੰਦਾ ਦਾ ਕਰੀਬੀ ਹੈ। ਉਨ੍ਹਾਂ ਨੇ ਦੱਸਿਆ ਕਿ ਗੈਂਗ ਗਵਾਲੀਅਰ ਅਤੇ ਯੂਪੀ ਤੋਂ ਅਸਲਾ ਖਰੀਦ ਦੇ ਲਿਆਉਂਦਾ ਸੀ ਅਤੇ ਲੁੱਟਖੋਹ ਸਮੇਤ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਨ੍ਹਾਂ ਦੇ ਕੋਲੋਂ ਬਰਾਮਦ ਕੀਤੀ ਗਈ ਕਾਰ 'ਤੇ ਜਾਅਲੀ ਨੰਬਰ ਲੱਗਾ ਹੋਇਆ ਹੈ। ਪੁਲਸ ਨੇ ਅੱਗੇ ਦੀ ਪੁੱਛਗਿੱਛ 'ਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।


Related News