9 ਕਮਿਊੁਨਿਟੀ ਸੈਂਟਰਾਂ ''ਤੇ ਗਮਾਡਾ ਠੇਕੇਦਾਰ ਦੇ ਮੁਲਾਜ਼ਮਾਂ ਦਾ ਕਬਜ਼ਾ

11/19/2017 3:04:43 AM

ਮੋਹਾਲੀ,   (ਰਾਣਾ)-  ਗਮਾਡਾ ਵਲੋਂ ਨਗਰ ਨਿਗਮ ਅਧੀਨ ਆਏ 9 ਕਮਿਉੂਨਿਟੀ ਸੈਂਟਰਾਂ 'ਤੇ ਅਜੇ ਵੀ ਗਮਾਡਾ ਦੇ ਠੇਕੇਦਾਰ ਦੇ ਮੁਲਾਜ਼ਮ ਕਬਜ਼ਾ ਕਰੀ ਬੈਠੇ ਹਨ, ਜਿਸ ਕਾਰਨ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਨਿਗਮ ਦੇ ਮੁਲਾਜ਼ਮ ਕਈ ਵਾਰ ਠੇਕੇਦਾਰਾਂ ਦੇ ਮੁਲਾਜ਼ਮਾਂ ਨੂੰ ਇਹ ਸੈਂਟਰ ਖਾਲੀ ਕਰਨ ਦੀ ਹਦਾਇਤ ਦੇ ਚੁੱਕੇ ਹਨ ਪਰ ਇਸ ਤੋਂ ਬਾਅਦ ਵੀ ਉਹ ਖਾਲੀ ਕਰਨ ਨੂੰ ਤਿਆਰ ਨਹੀਂ ਹਨ । ਉਥੇ ਹੀ ਨਿਗਮ ਮੁਲਾਜ਼ਮਾਂ ਨੇ ਆਪਣੇ ਸੀਨੀਅਰ ਅਫਸਰ ਨੂੰ ਵੀ ਦੱਸਿਆ ਪਰ ਫਿਰ ਵੀ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ । 
ਜਾਣਕਾਰੀ ਮੁਤਾਬਿਕ ਪਿਛਲੇ ਅਪ੍ਰੈਲ ਮਹੀਨੇ ਵਿਚ ਗਮਾਡਾ ਤੇ ਨਗਰ ਨਿਗਮ ਵਿਚ ਇਕ ਐੱਮ. ਓ. ਯੂ. ਸਾਈਨ ਹੋਇਆ ਸੀ, ਜਿਸ ਤਹਿਤ ਗਮਾਡਾ ਅਧੀਨ ਆਉਣ ਵਾਲਾ ਡਿਵੈੱਲਪਮੈਂਟ ਦਾ ਸਾਰਾ ਕੰਮ, ਪਾਰਕ, ਸੜਕਾਂ, ਕਮਿਉੂਨਿਟੀ ਸੈਂਟਰ ਤੇ ਸਪੋਟਰਸ ਕੰਪਲੈਕਸ ਨਗਰ ਨਿਗਮ ਅਧੀਨ ਆ ਗਏ ਸਨ ਪਰ ਜਿਵੇਂ ਹੀ ਨਿਗਮ ਨੇ ਕਮਿਊੁਨਿਟੀ ਸੈਂਟਰਾਂ ਦਾ ਕੰਮ ਸੰਭਾਲਿਆ, ਇਸ ਦੌਰਾਨ ਨਗਰ ਨਿਗਮ ਦੇ ਧਿਆਨ ਵਿਚ ਆਇਆ ਕਿ ਜੋ ਸਫਾਈ ਮੁਲਾਜ਼ਮ ਗਮਾਡਾ ਨੇ ਪਹਿਲਾਂ ਤੋਂ ਰੱਖੇ ਹੋਏ ਸਨ, ਉਹ ਜਾਣ-ਬੁੱਝ ਕੇ ਕਮਿਉੂਨਿਟੀ ਸੈਂਟਰ ਨਹੀਂ ਛੱਡ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ । ਇੰਨਾ ਹੀ ਨਹੀਂ, ਇਸ ਕਾਰਨ ਕਮਿਊੁਨਿਟੀ ਸੈਂਟਰਾਂ ਦੇ ਮੁਹਾਂਦਰੇ 'ਤੇ ਵੀ ਗ੍ਰਹਿਣ ਲਗ ਰਿਹਾ ਹੈ ਕਿਉਂਕਿ ਉਕਤ ਮੁਲਾਜ਼ਮ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ ਇਨ੍ਹਾਂ 'ਚ ਰਹਿੰਦੇ ਹਨ। ਉਹ ਖਾਣਾ ਬਣਾਉਣ ਤੋਂ ਲੈ ਕੇ ਹੋਰ ਸਾਰੇ ਕੰਮ ਵੀ ਉਥੇ ਹੀ ਕਰਦੇ ਹਨ । ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਈ ਤੋਂ ਬਾਅਦ ਉਹ ਕਈ ਵਾਰ ਉਨ੍ਹਾਂ ਨੂੰ ਆਖ ਚੁੱਕੇ ਹਨ ਪਰ ਇਸ ਤੋਂ ਬਾਅਦ ਵੀ ਉਹ ਸੈਂਟਰ ਖਾਲੀ ਨਹੀਂ ਕਰ ਰਹੇ ਹਨ । 
ਕਿਰਾਏ ਤੇ ਬਿਜਲੀ ਬਿੱਲ ਨੂੰ ਲਗ ਰਿਹੈ ਚੂਨਾ : ਜਾਣਕਾਰੀ ਅਨੁਸਾਰ ਅਪ੍ਰੈਲ ਮਹੀਨੇ ਤੋਂ ਗਮਾਡਾ ਨੇ 9 ਕਮਿਊੁਨਿਟੀ ਸੈਂਟਰ ਨਿਗਮ ਨੂੰ ਸੌਂਪ ਦਿੱਤੇ ਸਨ । ਉਸੇ ਦਿਨ ਤੋਂ ਨਿਗਮ ਨੇ ਉਥੇ ਸਾਫ-ਸਫਾਈ ਕਰਨ ਲਈ ਆਪਣੇ ਸਵੀਪਰ ਲਾ ਦਿੱਤੇ ਪਰ ਗਮਾਡਾ ਵਲੋਂ ਜੋ ਪਹਿਲਾਂ ਤੋਂ ਉਥੇ ਸਾਫ-ਸਫਾਈ ਕਰਨ ਲਈ ਸਵੀਪਰ ਰੱਖੇ ਗਏ ਸਨ, ਉਨ੍ਹਾਂ ਨੇ ਕਮਰੇ ਖਾਲੀ ਨਹੀਂ ਕੀਤੇ । ਕਈਆਂ ਨੇ ਤਾਂ ਦੋ-ਦੋ ਕਮਰਿਆਂ 'ਤੇ ਕਬਜ਼ਾ ਕੀਤਾ ਹੋਇਆ ਹੈ । ਉਹ ਕੰਮ ਬਾਹਰ ਕਿਸੇ ਹੋਰ ਜਗ੍ਹਾ 'ਤੇ ਕਰ ਰਹੇ ਹਨ ਪਰ ਕਮਿਉੂਨਿਟੀ ਸੈਂਟਰ ਖਾਲੀ ਨਹੀਂ ਕਰ ਰਹੇ ਕਿਉਂਕਿ ਜੇਕਰ ਉਹ ਬਾਹਰ ਕਿਤੇ ਰਹਿਣ ਲਈ ਕਮਰਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਤੇ ਕਿਰਾਇਆ ਦੇਣਾ ਪਵੇਗਾ, ਜੋ ਉਹ ਕਮਿਉੂਨਿਟੀ ਸੈਂਟਰ ਵਿਚ ਨਹੀਂ ਦੇ ਰਹੇ । ਇਸ ਲਈ ਪੈਸਿਆਂ ਦਾ ਚੂਨਾ ਵੀ ਹਰ ਮਹੀਨੇ ਨਿਗਮ ਨੂੰ ਹੀ ਲਗ ਰਿਹਾ ਹੈ ।  
ਨਿਗਮ ਅਧਿਕਾਰੀ ਵੀ ਬੈਠੇ ਨੇ ਚੁੱਪ : ਜਾਣਕਾਰੀ ਅਨੁਸਾਰ ਨਿਗਮ ਦੇ ਮੁਲਾਜ਼ਮ ਕਈ ਵਾਰ ਆਪਣੇ ਸੁਪਰਡੈਂਟ ਜਸਵਿੰਦਰ ਸਿੰਘ ਨੂੰ ਦੱਸ ਚੁੱਕੇ ਹਨ ਪਰ ਦੱਸਣ ਤੋਂ ਬਾਅਦ ਵੀ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਦੋਂਕਿ ਨਿਗਮ ਨੇ ਜੋ ਆਪਣੇ ਸਵੀਪਰ ਸਫਾਈ ਕਰਨ ਲਈ ਰੱਖੇ ਹੋਏ ਹਨ, ਉਹ ਵੀ ਕਈ ਵਾਰ ਇਤਰਾਜ਼ ਕਰ ਚੁੱਕੇ ਹਨ ਕਿ ਕਮਿਉੂਨਿਟੀ ਸੈਂਟਰ ਵਿਚ ਸਾਫ-ਸਫਾਈ ਤਾਂ ਉਹ ਕਰ ਰਹੇ ਹਨ ਪਰ ਉਥੇ ਰਹਿ ਕੋਈ ਹੋਰ ਲੋਕ ਰਹੇ ਹਨ । ਕੁਝ ਹੀ ਦਿਨ ਪਹਿਲਾਂ ਸੁਪਰਡੈਂਟ ਜਸਵਿੰਦਰ ਸਿੰਘ ਦੀ ਜਗ੍ਹਾ ਸਤਵੀਰ ਕੌਰ ਨੇ ਚਾਰਜ ਸੰਭਾਲਿਆ ਹੈ। ਨਿਗਮ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਵੀ ਇਸ ਗੱਲ ਤੋਂ ਜਾਣੂ ਕਰਵਾਇਆ ਪਰ ਉਨ੍ਹਾਂ ਵਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ।  
ਸੰਪਰਕ ਕਰਨ 'ਤੇ ਨਗਰ ਨਿਗਮ ਮੋਹਾਲੀ ਸੁਪਰਡੈਂਟ ਸਤਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ ਜੇਕਰ ਅਜਿਹੀ ਕੋਈ ਗੱਲ ਹੈ ਤਾਂ ਚੈੱਕ ਕਰਵਾ ਲੈਂਦੇ ਹਾਂ ਤੇ ਜੇਕਰ ਗਮਾਡਾ ਦੇ ਠੇਕੇਦਾਰ ਦੇ ਮੁਲਾਜ਼ਮ ਕਮਿਉੂਨਿਟੀ ਸੈਂਟਰ ਵਿਚ ਰਹਿ ਰਹੇ ਹਨ ਤਾਂ ਇਸ ਦੀ ਰਿਪੋਰਟ ਬਣਾ ਕੇ ਕਮਿਸ਼ਨਰ ਨੂੰ ਭੇਜੀ ਜਾਵੇਗੀ । 


Related News