ਜਸਮੀਤ ਦਾ ਮੋਹਾਲੀ ਦੇ ਸ਼ਮਸ਼ਾਨਘਾਟ ''ਚ ਅੰਤਿਮ ਸੰਸਕਾਰ

Friday, April 21, 2017 8:04 AM
ਜਸਮੀਤ ਦਾ ਮੋਹਾਲੀ ਦੇ ਸ਼ਮਸ਼ਾਨਘਾਟ ''ਚ ਅੰਤਿਮ ਸੰਸਕਾਰ

ਮੋਹਾਲੀ (ਨਿਆਮੀਆਂ) - 17 ਅਪ੍ਰੈਲ ਨੂੰ ਆਪਣਾ 20ਵਾਂ ਜਨਮ ਦਿਨ ਮਨਾਉਣ ਵਾਲੀ ਜਸਮੀਤ ਉਰਫ ਗਿਫਟੀ ਨੂੰ ਕੀ ਪਤਾ ਸੀ ਕਿ ਉਹ ਇਹ ਆਪਣਾ ਆਖਰੀ ਜਨਮ ਦਿਨ ਮਨਾ ਰਹੀ ਹੈ। ਨੋਇਡਾ ਦੀ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੀ ਜਸਪ੍ਰੀਤ ਆਪਣੇ ਸਾਥੀਆਂ ਨੂੰ ਕੰਪਨੀ ਵਿਚ ਲੱਗੀ ਅੱਗ ਵਿਚੋਂ ਬਚਾਉਂਦਿਆਂ ਖੁਦ ਨੂੰ ਅੱਗ ਦੇ ਹਵਾਲੇ ਕਰ ਬੈਠੀ। ਉਸ ਦੇ ਨਾਲ ਹੀ ਉਸ ਦੇ ਹੋਰ 5 ਸਾਥੀ ਵੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਸਨ। ਜਸਮੀਤ ਨੇ ਆਪਣੀ ਜਾਨ ਦੀ ਕੁਰਬਾਨੀ ਦੇਣ ਤੋਂ ਪਹਿਲਾਂ ਕਈ ਜਾਨਾਂ ਬਚਾਈਆਂ। ਉਸ ਦਾ ਅੰਤਿਮ ਸੰਸਕਾਰ ਅੱਜ ਮੋਹਾਲੀ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਜਸਮੀਤ ਮੋਹਾਲੀ ਦੀ ਗਿਲਕੋ ਵੈਲੀ ਦੀ ਨਿਵਾਸੀ ਸੀ। ਉਸ ਦੇ 13 ਸਾਲਾਂ ਦੇ ਭਰਾ ਸਹਿਜਪਾਲ ਨੇ ਉਸ ਨੂੰ ਅਗਨੀ ਭੇਟ ਕੀਤੀ।
ਜ਼ਿਕਰਯੋਗ ਹੈ ਕਿ ਜਸਮੀਤ ਨੋਇਡਾ ਦੀ ਇਕ ਨਿੱਜੀ ਕੰਪਨੀ ਵਿਚ ਐੱਚ. ਆਰ. ਦੇ ਅਹੁਦੇ ''ਤੇ ਤਾਇਨਾਤ ਸੀ। ਇਸ ਕੰਪਨੀ ਵਿਚ ਕੱਲ ਅੱਗ ਲੱਗ ਗਈ ਸੀ, ਜਦੋਂ ਹੋਰ ਸਾਰੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਬਾਹਰ ਵੱਲ ਨੂੰ ਭੱਜ ਰਹੇ ਸਨ ਤਾਂ ਜਸਮੀਤ ਫਾਇਰ ਬ੍ਰਿਗੇਡ ਨੂੰ ਲਗਾਤਾਰ ਫੋਨ ਕਰ ਰਹੀ ਸੀ। ਉਸ ਦਾ ਫੋਨ ਲੱਗ ਨਹੀਂ ਰਿਹਾ ਸੀ, ਜਿਸ ਕਾਰਨ ਘਬਰਾਈ ਹੋਈ ਜਸਮੀਤ ਨੇ ਆਪਣੀ ਮਾਂ ਨੂੰ ਫੋਨ ''ਤੇ ਸਾਰੀ ਗੱਲ ਦੱਸੀ ਸੀ। ਉਸ ਨੇ ਸ਼ੀਸ਼ੇ ਤੋੜ ਕੇ ਲੋਕਾਂ ਨੂੰ ਬਾਹਰ ਜਾਣ ਵਿਚ ਮਦਦ ਕੀਤੀ ਪਰ ਆਪ ਬਾਹਰ ਨਾ ਨਿਕਲ ਸਕੀ ਤੇ ਜਿਊਂਦੀ ਹੀ ਸੜ ਗਈ।
ਜਸਮੀਤ ਦੀ ਮਾਂ ਆਪਣੇ ਪਤੀ ਤੋਂ ਵੱਖਰੀ ਹੋ ਕੇ ਗਿਲਕੋ ਵੈਲੀ ਵਿਚ ਰਹਿ ਰਹੀ ਸੀ ਤੇ ਜਸਮੀਤ ਹੀ ਇਕਲੌਤੀ ਕਮਾਉਣ ਵਾਲੀ ਸੀ। ਪਰਿਵਾਰ ਵਿਚ ਉਸ ਦਾ ਇਕ ਛੋਟਾ ਭਰਾ ਹੈ, ਜੋ ਮਹਿਜ਼ 13 ਸਾਲ ਦਾ ਹੈ। ਜਸਮੀਤ ਦੇ ਰਿਸ਼ਤੇਦਾਰਾਂ ਨੇ ਮੰਗ ਕੀਤੀ ਹੈ ਕਿ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਜਸਮੀਤ ਦੇ ਫੁੱਫੜ ਨੇ ਦੱਸਿਆ ਕਿ ਬੀਤੇ ਦਿਨ ਨੋਇਡਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਦੇ ਬੇਟੇ ਵੀ ਹਸਪਤਾਲ ਵਿਚ ਅਫਸੋਸ ਪ੍ਰਗਟ ਕਰਨ ਲਈ ਆਏ ਸਨ। ਉਸ ਵੇਲੇ ਵੀ ਉਨ੍ਹਾਂ ਨੇ ਇਹ ਮੰਗ ਉਨ੍ਹਾਂ ਅੱਗੇ ਰੱਖੀ ਸੀ। ਉਨ੍ਹਾਂ ਕਿਹਾ ਕਿ ਰਾਜਨਾਥ ਦੇ ਬੇਟੇ ਨੇ ਭਰੋਸਾ ਦਿੱਤਾ ਸੀ ਕਿ ਜਸਮੀਤ ਦੇ ਪਰਿਵਾਰ ਦੀ ਉਹ ਜਿੰਨੀ ਹੋ ਸਕੇ ਮਦਦ ਕਰਨਗੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!