ਲੋਕਾਂ ''ਚ ਦੀਵਾਲੀ ਦਾ ਚਾਅ ਮੱਠਾ ਹੋਣ ਕਰਕੇ ਦੁਕਾਨਦਾਰਾਂ ''ਚ ਨਿਰਾਸ਼ਾ

10/19/2017 12:22:19 PM

ਸੁਲਤਾਨਪੁਰ ਲੋਧੀ (ਧੀਰ)-ਇਸ ਵਾਰ ਬਾਜ਼ਾਰ 'ਚ ਦੀਵਾਲੀ ਦੇ ਤਿਉਹਾਰ ਵਾਲਾ ਜੋਸ਼ ਤੇ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ। ਨੋਟਬੰਦੀ ਤੇ ਜੀ. ਐੱਸ. ਟੀ. ਦੇ ਝੰਬੇ ਦੁਕਾਨਦਾਰ ਹੁਣ ਪਟਾਕਿਆਂ 'ਤੇ ਲੱਗੀ ਪਾਬੰਦੀ ਤੋਂ ਵੀ ਕਾਫੀ ਮਾਯੂਸ ਹਨ। ਦੀਵਾਲੀ ਲੱਗਣ ਦੀ ਪੂਰੀ ਆਸ ਕਰ ਕੇ ਸਾਮਾਨ ਅਗਾਉਂ ਜਮ੍ਹਾ ਕਰਨ ਵਾਲੇ ਦੁਕਾਨਦਾਰਾਂ ਨੂੰ ਹੁਣ ਸਾਮਾਨ ਸਾਰਾ ਵਿਕਣ ਦਾ ਵੀ ਫਿਕਰ ਸਤਾਉਣ ਲੱਗਾ ਹੈ।   ਭਗਤ ਇਲੈਕਟ੍ਰਾਨਿਕਸ ਸ਼ੋਅਰੂਮ ਦੇ ਮਾਲਕ ਦਵਿੰਦਰ ਭਗਤ ਤੇ ਰੁਪਿੰਦਰ ਭਗਤ ਦਾ ਕਹਿਣਾ ਹੈ ਕਿ ਲੋਕਾਂ 'ਚ ਦੀਵਾਲੀ ਵਰਗੇ ਅਹਿਮ ਤਿਉਹਾਰ ਪ੍ਰਤੀ ਉਤਸ਼ਾਹ ਲਗਾਤਾਰ ਘਟਦਾ ਜਾ ਰਿਹਾ ਹੈ। ਦੀਵਾਲੀ ਤੋਂ ਪਹਿਲਾ ਦਿਨ ਦੁਕਾਨਦਾਰਾਂ ਲਈ ਸਭ ਤੋਂ ਵੱਧ ਗਾਹਕੀ ਵਾਲਾ ਦਿਨ ਹੁੰਦਾ ਸੀ ਪਰ ਇਸ ਵਾਰ 60 ਫੀਸਦੀ ਤੋਂ ਵੱਧ ਕੰਮ ਘੱਟ ਹੈ। 
ਮੰਡੀ 'ਚ ਝੋਨਾ ਲੈ ਕੇ ਆਏ ਕਿਸਾਨ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਦੀਵਾਲੀ ਅਕਤੂਬਰ 'ਚ ਆਉਣ ਕਰ ਕੇ ਕਿਸਾਨੀ ਲਈ ਤਾਂ ਪਹਿਲਾਂ ਸੁੱਖੀ-ਸਾਂਦੀ ਸਾਰੀ ਫਸਲ ਵੇਚਣਾ ਹੀ ਦੀਵਾਲੀ ਮਨਾਉਣ ਵਰਗਾ ਹੈ। ਬੇਕਰੀ ਦਾ ਸਾਮਾਨ ਵੇਚਣ ਵਾਲੇ ਡਿੰਪਲ ਅਰੋੜਾ ਤੇ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਗਾਹਕ ਆ ਤਾਂ ਜ਼ਰੂਰ ਰਹੇ ਹਨ ਪਰ ਜੋਸ਼ ਘੱਟ ਹੈ ਕਿਉਂਕਿ ਹਰੇਕ ਸਾਮਾਨ 'ਤੇ ਜੀ. ਐੱਸ. ਟੀ. ਹੋਣ ਕਾਰਨ ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਹਰੇਕ ਦੁਕਾਨਦਾਰ ਖਰੀਦਣ ਸਮੇਂ ਝਿਜਕ ਰਿਹਾ ਹੈ। 
ਫਲ ਵਿਕਰੇਤਾ ਰਾਮ ਨਿਵਾਸ ਨੇ ਦੱਸਿਆ ਕਿ ਇਸ ਵਾਰ ਵਧੀਆ ਸੇਬ 80-100 ਰੁਪਏ ਕਿਲੋ ਤੇ ਕੇਲਾ 70-90 ਰੁਪਏ ਦਰਜਨ ਹੋਣ ਕਰਕੇ ਵਿਕਰੀ ਘੱਟ ਹੈ। ਮਹਿੰਗਾਈ ਨੇ ਦੀਵਾਲੀ ਸਮੇਂ ਸੀਜ਼ਨ ਲੱਗਣ ਦੇ ਚਾਅ ਮੱਠੇ ਕਰ ਦਿੱਤੇ ਹਨ ਤੇ ਦੁਕਾਨਦਾਰ ਇਕ-ਦੂਜੇ ਦੇ ਮੂੰਹ ਵੱਲ ਦੇਖ ਰਹੇ ਹਨ।ਲੰਮੇ ਸਮੇਂ ਤੋਂ ਪਟਾਕਿਆਂ ਦਾ ਕਾਰੋਬਾਰ ਕਰਨ ਵਾਲੇ ਗੁਰਦੇਵ ਸਿੰਘ, ਨਿਰੰਕਾਰ ਸਿੰਘ ਮਾਹਨਾ ਦਾ ਕਹਿਣਾ ਹੈ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮ ਅਨੁਸਾਰ ਪਟਾਕੇ ਵੇਚਣ ਤੇ ਚਲਾਉਣ 'ਤੇ ਲੱਗੀ ਪਾਬੰਦੀ ਨੇ ਵਪਾਰੀ ਵਰਗ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਹਰ ਵਪਾਰੀ ਸਾਰਾ ਸਾਲ ਦੀਵਾਲੀ ਦਾ ਇੰਤਜ਼ਾਰ ਕਰਦਾ ਹੈ ਤੇ ਕੁਝ ਦੁਕਾਨਦਾਰ ਦੀਵਾਲੀ 'ਤੇ ਹੀ ਸਾਰੇ ਸਾਲ ਦੀ ਕਮਾਈ ਕਰ ਕੇ ਪਰਿਵਾਰ ਚਲਾਉਂਦੇ ਹਨ ਪਰ ਜਿਸ ਤਰ੍ਹਾਂ ਨਾਲ ਜ਼ਿਲਾ ਪ੍ਰਸ਼ਾਸਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮ 'ਤੇ ਪਟਾਕਾ ਕਾਰੋਬਾਰ 'ਤੇ ਰੋਕ ਲਾ ਰਿਹਾ ਹੈ। ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੀਵਾਲੀ 'ਤੇ ਪਟਾਕੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਫੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਨਿਰਦੇਸ਼ ਲਗਭਗ 6 ਮਹੀਨੇ ਪਹਿਲਾਂ ਆਉਣਾ ਚਾਹੀਦਾ ਸੀ ਤਾਂ ਕਿ ਵਪਾਰੀ ਜੋ ਪਹਿਲਾਂ ਹੀ ਨੋਟਬੰਦੀ ਤੇ ਜੀ. ਐੱਸ. ਟੀ. ਮਾਰ ਝੱਲ ਰਿਹਾ ਹੈ, ਉਹ ਪਟਾਕੇ ਖਰੀਦਣ 'ਤੇ ਜ਼ਿਆਦਾ ਪੈਸਾ ਨਾ ਲਾਉਂਦਾ।


Related News