ਧੋਖਾਦੇਹੀ ਦੇ ਕੇਸ ''ਚੋਂ ਪਤੀ-ਪਤਨੀ ਬਾਇੱਜ਼ਤ ਬਰੀ

11/19/2017 7:27:25 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਬਲਜਿੰਦਰ ਸਿੰਘ ਸਰਾਂ ਐਡੀਸ਼ਨਲ ਸੈਸ਼ਨ ਜੱਜ ਬਰਨਾਲਾ ਨੇ ਐਡਵੋਕੇਟ ਚੰਦਰ ਬਾਂਸਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸੁਖਵਿੰਦਰ ਕੌਰ ਪਤਨੀ ਜਗਤਾਰ ਸਿੰਘ ਅਤੇ ਜਗਤਾਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜੈਦਾਂ ਪੱਤੀ, ਧਨੌਲਾ ਨੂੰ ਧੋਖਾਦੇਹੀ ਦੇ ਕੇਸ 'ਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਖੁਸ਼ਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਧਨੌਲਾ ਨੇ ਦੋਸ਼ ਲਾਇਆ ਸੀ ਕਿ ਸੁਖਵਿੰਦਰ ਕੌਰ ਨੇ ਉਸ ਨਾਲ 8.9.2008 ਨੂੰ 7 ਕਨਾਲ ਸਾਢੇ 9 ਮਰਲੇ ਦਾ ਬਿਆਨਾ ਕੀਤਾ ਸੀ ਅਤੇ ਉਸ ਦੀ ਸਾਰੀ ਰਕਮ 6,54,500 ਰੁਪਏ ਸੁਖਵਿੰਦਰ ਕੌਰ ਨੇ ਵਸੂਲ ਪਾ ਲਈ ਸੀ। ਬਾਅਦ 'ਚ ਉਸ ਨੇ ਰਜਿਸਟਰੀ ਕਰਵਾਉਣ ਦੀ ਬਜਾਏ ਦੀਦਾਰ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਸਾਹੋਕੇ ਨੂੰ ਵਸੀਕਾ ਨੰਬਰ 1576 ਮਿਤੀ 2.3.2009 ਕਰਵਾ ਦਿੱਤਾ, ਜਿਸ ਕਰ ਕੇ ਪੁਲਸ ਨੇ ਸੁਖਵਿੰਦਰ ਕੌਰ ਅਤੇ ਉਸ ਦੇ ਪਤੀ ਜਗਤਾਰ ਸਿੰਘ 'ਤੇ ਮੁਕੱਦਮਾ ਦਰਜ ਕਰ ਲਿਆ। ਮੁਲਜ਼ਮਾਂ ਨੂੰ ਪਹਿਲਾਂ ਜਰਨੈਲ ਸਿੰਘ, ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਰਨਾਲਾ ਨੇ 1. 8.2016 ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਸੀ। ਇਸ ਫੈਸਲੇ ਖਿਲਾਫ ਖੁਸ਼ਦੀਪ ਸਿਘ ਨੇ ਸੈਸ਼ਨ ਕੋਰਟ 'ਚ ਅਪੀਲ ਦਾਇਰ ਕਰ ਦਿੱਤੀ। ਅਦਾਲਤ 'ਚ ਮੁਲਜ਼ਮ ਧਿਰ ਦੇ ਵਕੀਲ ਚੰਦਰ ਬਾਂਸਲ ਨੇ ਦਲੀਲਾਂ ਦਿੱਤੀਆਂ ਕਿ ਉਕਤ ਬਿਆਨਾ 8.9.2008 ਇਕ ਫਰਜ਼ੀ ਦਸਤਾਵੇਜ਼ ਹੈ, ਜਿਸ 'ਤੇ ਸੁਖਵਿੰਦਰ ਕੌਰ ਦੇ ਚਾਰ ਅੰਗੂਠਿਆਂ ਦੇ ਨਿਸ਼ਾਨ ਲੱਗੇ ਹੋਏ ਹਨ। ਇਹ ਚਾਰ ਅੰਗੂਠਿਆਂ ਦੇ ਨਿਸ਼ਾਨ ਕਿਉਂ ਲੱਗੇ ਹਨ, ਇਸ ਦਾ ਕੋਈ ਵੀ ਕਾਰਨ ਮੁੱਦਈ ਧਿਰ ਸਪੱਸ਼ਟ ਨਹੀਂ ਕਰ ਸਕੀ। ਇਸ ਤੋਂ ਇਲਾਵਾ ਸਾਰੀਆਂ ਗਵਾਹੀਆਂ ਅਤੇ ਸਬੂਤਾਂ ਤੋਂ ਬਿਆਨਾ ਸ਼ੱਕੀ ਜਾਪਦਾ ਹੈ, ਜਿਸ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਨੇ ਸੁਖਵਿੰਦਰ ਕੌਰ ਅਤੇ ਜਗਤਾਰ ਸਿੰਘ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ।


Related News