ਚੋਰੀ, ਸਨੈਚਿੰਗ ਕਰਨ ਵਾਲਾ ਚਾਰ ਮੈਂਬਰੀ ਗਿਰੋਹ ਕਾਬੂ

12/13/2017 5:33:47 AM

ਜਲੰਧਰ, (ਪ੍ਰੀਤ, ਸੁਧੀਰ)- ਡੇਢ ਮਹੀਨੇ ਤੋਂ ਚੋਰੀ, ਸਨੈਚਿੰਗ ਦੀਆਂ ਵਾਰਦਾਤਾਂ ਕਰ ਕੇ ਕਮਿਸ਼ਨਰੇਟ ਪੁਲਸ ਦੀ ਨੱਕ ਵਿਚ ਦਮ ਕਰਨ ਵਾਲੇ ਚਾਰ ਮੈਂਬਰੀ ਗਿਰੋਹ ਨੂੰ ਪੁਲਸ ਨੇ ਕਾਬੂ ਕੀਤਾ ਹੈ। ਗ੍ਰਿਫਤਾਰ ਇਕ ਲੁਟੇਰਾ ਨਾਬਾਲਿਗ ਹੈ। ਗ੍ਰਿਫਤਾਰ ਮੁਲਜ਼ਮਾਂ ਕੋਲੋਂ ਚੋਰੀਸ਼ੁਦਾ ਐੱਲ. ਈ. ਡੀ. , ਖੋਹੇ ਗਏ ਮੋਬਾਇਲ ਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। 
ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਥਾਣਾ ਨੰਬਰ 2 ਇਲਾਕੇ ਵਿਚ ਚੋਰੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਹੋਈਆਂ। ਮਾਮਲੇ ਦੀ ਜਾਂਚ ਥਾਣਾ ਨੰਬਰ 2 ਦੇ ਇੰਸਪੈਕਟਰ ਓਂਕਾਰ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਹਰਜਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਤੇ ਪੁਲਸ ਟੀਮ ਨੇ ਲੁਟੇਰਾ ਗਿਰੋਹ ਦੇ ਮੈਂਬਰ ਸੰਨੀ ਮਿਸ਼ਰਾ ਪੁੱਤਰ ਅਖਿਲੇਸ਼ ਵਾਸੀ ਗਦਾਈਪੁਰ, ਸੋਨੂੰ ਪੁੱਤਰ ਨੰਦ ਲਾਲ ਵਾਸੀ ਰੋਜ਼ ਪਾਰਕ ਜਲੰਧਰ ਨੂੰ ਕਾਬੂ ਕੀਤਾ। ਮੁਲਜ਼ਮਾਂ ਕੋਲੋਂ ਪੁਲਸ ਟੀਮ ਨੇ ਤਿੰਨ ਮੋਬਾਇਲ, 2 ਐੱਲ. ਈ. ਡੀ. ਤੇ ਇਕ ਮੋਟਰਸਾਈਕਲ ਬਰਾਮਦ ਕੀਤਾ। ਮੁਲਜ਼ਮਾਂ ਕੋਲੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਕਿ ਉਹ ਆਪਣੇ ਸਾਥੀ ਹਿਮਾਂਸ਼ੂ ਉਰਫ ਹਨੀ ਪੁੱਤਰ ਉੱਤਮ ਚੰਦ ਵਾਸੀ ਬੰਦਾ ਬਹਾਦਰ ਨਗਰ ਤੇ ਰਣਜੀਤ ਕੁਮਾਰ ਉਰਫ ਮੋਟਾ ਪੁੱਤਰ ਪਰਮੇਸ਼ਵਰ ਵਾਸੀ ਗੁਲਾਬ ਦੇਵੀ ਰੋਡ ਦੇ ਨਾਲ ਮਿਲ ਕੇ ਵਾਰਦਾਤਾਂ ਕਰਦੇ ਰਹੇ ਹਨ। ਏ. ਸੀ. ਪੀ. ਸਤਿੰਦਰ ਚੱਢਾ ਨੇ ਦੱਸਿਆ ਕਿ ਪੁਲਸ ਟੀਮ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਦੌਰਾਨ ਫਰਾਰ ਮੁਲਜ਼ਮ ਹਿਮਾਂਸ਼ੂ ਤੇ ਰਣਜੀਤ ਕੁਮਾਰ ਨੂੰ ਵੀ ਕਾਬੂ ਕੀਤਾ ਹੈ। ਗ੍ਰਿਫਤਾਰ ਹਿਮਾਂਸ਼ੂ ਤੇ ਰਣਜੀਤ ਕੋਲੋਂ ਪੁੱਛਗਿੱਛ ਦੌਰਾਨ ਪੁਲਸ ਨੇ ਚਾਰ ਮੋਬਾਇਲ ਤੇ 1 ਐੱਲ. ਈ. ਡੀ. ਬਰਾਮਦ ਕੀਤੀ। ਏ. ਸੀ. ਪੀ. ਸਤਿੰਦਰ ਚੱਢਾ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ। 
ਸੀਨੀਅਰ ਕਾਨੂੰਨੀ ਮਾਹਰ ਦੇ ਗੰਨਮੈਨ ਕੋਲੋਂ ਵੀ ਖੋਹਿਆ ਸੀ ਮੋਬਾਇਲ
ਪੁਲਸ ਸੂਤਰਾਂ ਨੇ ਦੱਸਿਆ ਕਿ ਲੁਟੇਰੇ ਥਾਣਾ ਨੰਬਰ 2 ਦੇ ਇਲਾਕੇ ਆਦਰਸ਼ ਨਗਰ, ਸ਼ਹੀਦ ਊਧਮ ਸਿੰਘ ਨਗਰ, ਸ਼ਕਤੀ ਨਗਰ ਵਿਚ ਸਰਗਰਮ ਸਨ। ਚੋਰੀ ਦੇ ਮੋਟਰਸਾਈਕਲ 'ਤੇ ਸੰਨੀ , ਹਨੀ ਤੇ ਸੋਨੂੰ ਨੇ ਕਰੀਬ ਇਕ ਮਹੀਨਾ ਪਹਿਲਾਂ ਸ਼ਹੀਦ ਊਧਮ ਸਿੰਘ ਨਗਰ ਵਿਚ ਦਿਨ-ਦਿਹਾੜੇ ਸੀਨੀਅਰ ਕਾਨੂੰਨੀ ਮਾਹਰ ਦੇ ਗੰਨਮੈਨ ਪਰਵੀਨ ਕੁਮਾਰ ਦੇ ਹੱਥੋਂ ਮੋਬਾਇਲ ਖੋਹ ਲਿਆ ਸੀ। ਗੰਨਮੈਨ ਪਰਵੀਨ ਕੁਮਾਰ ਸ਼ਹੀਦ ਊਧਮ ਸਿੰਘ ਨਗਰ ਵਿਚ ਕਿਸੇ ਕੰਮ ਆਇਆ ਸੀ। ਉਹ ਸੜਕੇ 'ਤੇ ਤੁਰਦੇ ਸਮੇਂ ਫੋਨ 'ਤੇ ਗੱਲ ਕਰ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਸਵਾਰ ਲੁਟੇਰੇ ਉਸਦੇ ਹੱਥੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ। ਪੁੱਛਗਿੱਛ ਵਿਚ ਖੁਲਾਸਾ ਹੋਇਆ ਕਿ ਇਹ ਵਾਰਦਾਤ ਵੀ ਸੰਨੀ, ਹਨੀ ਤੇ ਸੋਨੂੰ ਨੇ ਕੀਤੀ ਸੀ। 
ਸੀ. ਸੀ. ਟੀ. ਵੀ. ਫੁਟੇਜ ਤੋਂ ਬ੍ਰੇਕ ਹੋਇਆ ਗੈਂਗ
ਸੂਤਰਾਂ ਨੇ ਦੱਸਿਆ ਕਿ ਗੰਨਮੈਨ ਤੋਂ ਮੋਬਾਇਲ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਕਮਿਸ਼ਨਰੇਟ ਅਧਿਕਾਰੀਆਂ 'ਤੇ ਬੇਹੱਦ ਦਬਾਅ ਸੀ। ਪਤਾ ਲੱਗਾ ਕਿ ਥਾਣਾ ਨੰਬਰ 2 ਦੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਵਾਰਦਾਤ ਟਰੇਸ ਕਰਨ ਲਈ ਸਖਤ ਮਿਹਨਤ ਕੀਤੀ। ਕਈ ਦਿਨਾਂ ਤਕ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਵਿਚ ਘਰਾਂ ਦੇ ਬਾਹਰ ਲੱਗੇ ਕੈਮਰਿਆਂ ਦੀ ਫੁਟੇਜ ਫਰੋਲਣ ਤੋਂ ਬਾਅਦ ਕਰੀਬ ਇਕ ਹਫਤਾ ਪਹਿਲਾਂ ਉਨ੍ਹਾਂ ਨੂੰ ਵਾਰਦਾਤ ਸਥਾਨ ਦੇ ਬਿਲਕੁਲ ਨੇੜੇ ਇਕ ਕੋਠੀ ਵਿਚ ਲੱਗੇ ਕੈਮਰੇ ਦੀ ਫੁਟੇਜ ਮਿਲੀ। ਜਿਸ ਵਿਚ ਲੁਟੇਰਿਆਂ ਦੇ ਚਿਹਰੇ ਸਾਫ ਨਜ਼ਰ ਆਏ ਤੇ ਏ. ਐੱਸ. ਆਈ. ਹਰਜਿੰਦਰ ਸਿੰਘ ਦੇ ਹੱਥ ਲੁਟੇਰਿਆਂ ਤਕ ਪਹੁੰਚ ਗਏ। 


Related News