ਪ੍ਰਭੂ ਯਿਸੂ ਮਸੀਹ ਖਿਲਾਫ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਮਾਮਲੇ ''ਚ 4 ਗ੍ਰਿਫਤਾਰ

06/27/2017 11:44:58 AM

ਤਰਨਤਾਰਨ - ਪਿੰਡ ਸੰਘੇ ਵਿਖੇ ਬੀਤੇ ਦਿਨੀਂ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਪ੍ਰਭੂ ਯਿਸੂ ਮਸੀਹ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਦੀ ਵਟਸਐਪ 'ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਅੱਜ ਤਰਨਤਾਰਨ ਪੁਲਸ ਨੇ ਵੀਡੀਓ ਵਿਚ ਸ਼ਾਮਲ 5 ਵਿਅਕਤੀਆਂ ਦੀ ਪਛਾਣ ਕਰਦੇ ਹੋਏ 4 ਨੂੰ ਗ੍ਰਿਫਤਾਰ ਕਰ ਲਿਆ ਹੈ। 
ਐੱਸ. ਐੱਸ. ਪੀ. ਦਫਤਰ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ 'ਚ ਦੱਸਿਆ ਗਿਆ ਕਿ ਵਾਇਰਲ ਹੋਈ ਵੀਡੀਓ ਨੂੰ ਜਾਂਚਣ ਉਪਰੰਤ ਪਰਮਜੀਤ ਸਿੰਘ ਉਰਫ ਅਕਾਲੀ ਵਾਸੀ ਅੰਮ੍ਰਿਤਸਰ, ਸਿਮਰਜੀਤ ਸਿੰਘ ਪੁੱਤਰ ਦਲਜੀਤ ਸਿੰਘ, ਜਸਪਾਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀਆਨ ਸੰਘੇ, ਗੁਰਦਿਆਲ ਸਿੰਘ ਵਾਸੀ ਤਰਨਤਾਰਨ ਅਤੇ ਮਾਨਵਦੀਪ ਸਿੰਘ ਵਾਸੀ ਦੀਨੇਵਾਲ ਦੀ ਸ਼ਨਾਖਤ ਕੀਤੀ ਗਈ। ਇਸ ਉਪਰੰਤ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਦੀ ਧਾਰਾ 'ਚ ਵਾਧਾ ਕਰਦੇ ਹੋਏ ਜੁਰਮ 153 ਏ, 505, 120 ਬੀ, ਵੀ ਸ਼ਾਮਲ ਕੀਤੀ ਗਈ ਹੈ। ਪ੍ਰੈੱਸ ਨੋਟ ਅਨੁਸਾਰ ਪਰਮਜੀਤ ਸਿੰਘ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਉਹ ਇਸ ਜੁਰਮ ਦਾ ਮੁੱਖ ਭਾਗੀਦਾਰ ਹੈ ਤੇ ਉਸ ਵੱਲੋਂ ਹੀ ਪ੍ਰਭੂ ਯਿਸੂ ਮਸੀਹ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। 
ਇਸ ਤੋਂ ਇਲਾਵਾ ਸਿਮਰਜੀਤ ਸਿੰਘ ਇਕ ਗਰਮ ਖਿਆਲੀ ਸੰਸਥਾ ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦਾ ਮੁਖੀ ਹੈ। ਜਸਪਾਲ ਸਿੰਘ ਦੀ ਤਰਨਤਾਰਨ ਵਿਖੇ ਬਿਜਲੀ ਦੇ ਸਾਮਾਨ ਅਤੇ ਮੋਟਰਾਂ ਦੀ ਦੁਕਾਨ ਹੈ।  ਜਾਣਕਾਰੀ ਅਨੁਸਾਰ ਪਿੰਡ ਸੰਘੇ ਦੇ ਬਲਜਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ ਲਗਭਗ ਇਕ ਸਾਲ ਪਹਿਲਾਂ ਈਸਾਈ ਧਰਮ ਅਪਣਾਇਆ ਗਿਆ ਸੀ, ਜਿਸ ਕਾਰਨ ਸੰਘੇ ਪਿੰਡ ਦੇ ਰਹਿਣ ਵਾਲੇ ਸਿਮਰਜੀਤ ਸਿੰਘ ਅਤੇ ਉਸ ਦੇ ਸਾਥੀ ਇਸ ਦੇ ਪਰਿਵਾਰ ਤੋਂ ਨਿਰਾਸ਼ ਸਨ। ਲਗਭਗ ਇਕ ਮਹੀਨਾ ਪਹਿਲਾਂ ਪਰਮਜੀਤ ਸਿੰਘ ਉਰਫ ਅਕਾਲੀ ਨੂੰ ਸੰਘੇ ਪਿੰਡ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਅਤੇ ਉਸ ਦੇ ਚਚੇਰੇ ਭਰਾ ਜਸਪਾਲ ਸਿੰਘ ਨੇ ਬੁਲਾਇਆ ਤੇ ਇਨ੍ਹਾਂ ਵੱਲੋਂ ਹੋਰ ਸਾਥੀਆਂ ਨਾਲ ਇਕ ਮੀਟਿੰਗ ਰੱਖੀ ਗਈ, ਜਿਸ 'ਚ ਧੋਖੇ ਨਾਲ ਪੀੜਤ ਬਲਜਿੰਦਰ ਸਿੰਘ ਅਤੇ ਉਸ ਦੇ ਪਿਤਾ ਨਿਰਵੈਲ ਸਿੰਘ ਨੂੰ ਬੁਲਾਇਆ ਗਿਆ। ਉਪਰੰਤ ਇਨ੍ਹਾਂ ਵੱਲੋਂ ਬਲਜਿੰਦਰ ਸਿੰਘ ਨੂੰ ਈਸਾਈ ਧਰਮ ਖਿਲਾਫ ਅਪਸ਼ਬਦ ਬੋਲੇ ਗਏ।


Related News