ਕਣਕ ਦਾ ਭਾਰ ਵਧਾਉਣ ਲਈ ਪਾਇਆ ਜਾ ਰਿਹੈ ਬੋਰੀਆਂ ''ਤੇ ਪਾਣੀ!

06/25/2017 1:44:58 AM

ਹੁਸ਼ਿਆਰਪੁਰ, (ਘੁੰਮਣ)- ਗੜ੍ਹਸ਼ੰਕਰ ਵਿਖੇ ਪਨਸਪ ਵੱਲੋਂ ਖੁੱਲ੍ਹੇ ਆਸਮਾਨ ਹੇਠਾਂਰੱਖੀਆਂ ਕਣਕ ਦੀਆਂ ਬੋਰੀਆਂ 'ਤੇ ਗੋਦਾਮ 'ਚ ਲੱਗੇ ਟਿਊਬਵੈੱਲ ਤੋਂ ਪਾਈਪ ਨਾਲ ਪਾਣੀ ਪਾ ਕੇ ਬੋਰੀਆਂ ਦਾ ਭਾਰ ਵਧਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਆਪਣੇ ਸਾਥੀਆਂ ਮਨਜਿੰਦਰ ਕੁਮਾਰ, ਦਵਿੰਦਰ ਸਿੰਘ ਗਿੱਲ, ਸ਼ੌਂਕਾ ਸਿੰਘ ਅਤੇ ਗੜ੍ਹਸ਼ੰਕਰ ਥਾਣੇ 'ਚ ਤਾਇਨਾਤ ਇਕ ਏ. ਐੱਸ. ਆਈ. ਨੂੰ ਨਾਲ ਲੈ ਕੇ ਬੀਤੀ ਰਾਤ 12 ਵਜੇ ਐੱਸ. ਡੀ. ਐੱਮ. ਦਫ਼ਤਰ ਕੋਲ ਸਟਿੰਗ ਆਪ੍ਰੇਸ਼ਨ ਕੀਤਾ ਸੀ। 
ਇਸ ਦੌਰਾਨ ਉਨ੍ਹਾਂ ਦੇਖਿਆ ਕਿ ਪਾਈਪ ਰਾਹੀਂ ਬੋਰੀਆਂ 'ਤੇ ਪਾਣੀ ਪਾਇਆ ਜਾ ਰਿਹਾ ਸੀ। ਪੁੱਛਗਿੱਛ ਦੌਰਾਨ ਬੋਰੀਆਂ 'ਤੇ ਪਾਣੀ ਪਾਉਣ ਵਾਲੇ ਵਿਅਕਤੀਆਂ ਨੇ ਕਿਹਾ ਕਿ ਇਹ ਪਾਣੀ 3 ਦਿਨਾਂ ਤੋਂ ਉੱਚ ਅਧਿਕਾਰੀਆਂ ਦੇ ਕਹਿਣ 'ਤੇ ਪਾਇਆ ਜਾ ਰਿਹਾ ਹੈ। 
ਧੀਮਾਨ ਨੇ ਅੱਜ ਗੱਲਬਾਤ ਦੌਰਾਨ ਦੱਸਿਆ ਕਿ ਕਣਕ ਦੀਆਂ ਬੋਰੀਆਂ 'ਤੇ ਪਾਣੀ ਪਾ ਕੇ ਇਨ੍ਹਾਂ ਦਾ ਭਾਰ ਵਧਾਉਣ ਦੇ ਸਕੈਂਡਲ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ, ਪਨਸਪ ਦੇ ਮੈਨੇਜਿੰਗ ਡਾਇਰੈਕਟਰ ਤੇ ਹੋਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਇਸ ਸਕੈਂਡਲ ਦੀ ਵਿਜੀਲੈਂਸ ਬਿਊਰੋ ਤੋਂ ਜਾਂਚ ਕਰਵਾਉਣ ਦੀ ਫਰਿਆਦ ਵੀ ਕੀਤੀ ਹੈ। 
ਡਿਪਟੀ ਕਮਿਸ਼ਨਰ ਨੇ ਦਿੱਤੇ ਐੱਸ. ਡੀ. ਐੱਮ. ਨੂੰ ਜਾਂਚ ਦੇ 
ਹੁਕਮ : ਇਸ ਸਬੰਧੀ ਸੰਪਰਕ ਕਰਨ 'ਤੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਗੜ੍ਹਸ਼ੰਕਰ ਦੇ ਐੱਸ. ਡੀ. ਐੱਮ. ਨੂੰ ਤੁਰੰਤ ਮੌਕੇ 'ਤੇ ਜਾ ਕੇ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਧੀਮਾਨ ਨੇ ਇਹ ਵੀ ਦੱਸਿਆ ਕਿ ਉਹ ਇਸ ਸਬੰਧੀ ਪਨਸਪ ਦੇ ਪ੍ਰਬੰਧ ਨਿਰਦੇਸ਼ਕ ਨਾਲ ਵੀ ਟੈਲੀਫੋਨ 'ਤੇ ਸੰਪਰਕ ਕਰ ਕੇ ਵਿਭਾਗੀ ਜਾਂਚ ਕਰਵਾਉਣ ਲਈ ਕਹਿਣਗੇ।


Related News